Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤਾਂ ਦੇ ਹਲਾਤਾਂ ਦਾ ਜਾਇਜ਼ਾ ਲੈਣ ਮੌਕੇ ਕੈਬਨਿਟ ਮੰਤਰੀ ਦੀ 'ਕਲਾਸ' ਲਾਈ ਗਈ ਜਿਸ ਤੋਂ ਬਾਅਦ ਮੰਤਰੀ ਨੇ ਹੱਥ ਜੋੜ ਕੇ ਮੁੱਖ ਮੰਤਰੀ ਤੋਂ ਮੁਆਫ਼ੀ ਮੰਗੀ। ਇਸ ਦੀ ਵੀਡੀਓ ਸ਼ੋਸਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਹੁਣ ਕਾਂਗਰਸ ਲੀਡਰ ਸੁਖਪਾਲ ਖਹਿਰਾ ਨੇ ਇਸ ਨੂੰ ਮੁੱਖ ਮੰਤਰੀ ਦਾ ਹੰਕਾਰੀ ਵਤੀਰਾ ਦੱਸਿਆ ਹੈ।


ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਭਗਵੰਤ ਮਾਨ ਦੇ ਇਸ ਹੰਕਾਰੀ ਵਤੀਰੇ ਤੋਂ ਮੈਂ ਹੈਰਾਨ ਹਾਂ ਜੋ ਆਪਣੇ ਹੀ ਮੰਤਰੀ ਜਿੰਪਾ ਨੂੰ ਜਨਤਕ ਤੌਰ 'ਤੇ ਬੇਇੱਜ਼ਤ ਕਰ ਰਿਹਾ ਸੀ ਜੋ ਕਿ ਇੰਨਾ ਡਰ ਗਿਆ ਸੀ ਕਿ ਉਹ ਮੁੱਖ ਮੰਤਰੀ ਅੱਗੇ ਹੱਥ ਜੋੜ ਕੇ ਮੁਆਫੀ ਮੰਗ ਰਿਹਾ ਸੀ। ਮੈਂ ਇਹ ਦੇਖ ਕੇ ਉਦਾਸ ਹਾਂ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਮੰਤਰੀ ਆਪਣੇ ਸਵੈਮਾਣ ਅਤੇ ਮਾਣ-ਸਨਮਾਨ ਨੂੰ ਬਰਕਰਾਰ ਰੱਖਣ ਵਿੱਚ ਅਸਮਰੱਥ ਹਨ! ਜੇਕਰ ਤੁਸੀਂ ਆਪਣਾ ਬਚਾਅ ਨਹੀਂ ਕਰ ਸਕਦੇ ਤਾਂ ਅਜਿਹੇ ਅਹੁਦੇ ਸੰਭਾਲਣ 'ਤੇ ਸ਼ਰਮ ਕਰੋ






ਦਰਅਸਲ, ਸੀਐਮ ਭਗਵੰਤ ਮਾਨ ਬੀਤੀ ਸ਼ਾਮ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਹੁਸ਼ਿਆਰਪੁਰ ਪਹੁੰਚੇ ਸਨ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਇੱਥੋਂ ਦੇ ਵਿਧਾਇਕ ਵੀ ਹਨ। ਇਸੇ ਲਈ ਉਨ੍ਹਾਂ ਦੇ ਨਾਲ ਹੋਣਾ ਤੈਅ ਸੀ। ਦੌਰੇ ਦੌਰਾਨ ਮੀਡੀਆ ਨੇ ਸੀਐਮ ਮਾਨ ਨੂੰ ਘੇਰ ਲਿਆ ਤੇ ਹੜ੍ਹਾਂ ਨਾਲ ਸਬੰਧਤ ਸਵਾਲ ਕੀਤੇ। ਇਸ ਦੌਰਾਨ ਮੰਤਰੀ ਜ਼ਿੰਪਾ ਨੇ ਸੀਐਮ ਮਾਨ ਨੂੰ ਕਿਹਾ ਕਿ ਉਹ ਅੱਗੇ ਚੱਲਣ ਤੇ ਕਿਸਾਨਾਂ ਨੂੰ ਮਿਲਣ ਪਰ ਸੀਐਮ ਮਾਨ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਲਝੇ ਰਹੇ। ਮੰਤਰੀ ਜਿੰਪਾ ਨੇ ਫਿਰ ਕਿਹਾ ਕਿ ਅਜੇ ਹੋਰ ਅੱਗੇ ਜਾਣਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੂੰ ਗੁੱਸਾ ਆ ਗਿਆ।


ਆਖਰ ਵਿੱਚ ਮੁੱਖ ਮੰਤਰੀ ਖਿਝ ਗਏ ਤੇ ਮੰਤਰੀ ਜਿੰਪਾ ਦੀ ਕਲਾਸ ਲਾ ਦਿੱਤੀ। ਇਸ ਤੋਂ ਬਾਅਦ ਮੰਤਰੀ ਜਿੰਪਾ ਮੁੱਖ ਮੰਤਰੀ ਤੋਂ ਹੱਥ ਜੋੜ ਕੇ ਮੁਆਫੀ ਮੰਗਦੇ ਹੀ ਨਜ਼ਰ ਆਏ। ਇਸ ਮਾਮਲੇ ਦੇ ਸਾਹਮਣੇ ਤੋਂ ਬਾਅਦ ਮੁੱਖ ਮੰਤਰੀ ਦੇ ਇਸ ਵਤੀਰੇ ਨੂੰ ਹੰਕਾਰੀ ਕਿਹਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਬਾਬਤ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਕੈਬਨਿਟ ਮੰਤਰੀ ਵੱਲੋਂ ਕੋਈ ਬਿਆਨ ਸਾਂਝਾ ਕੀਤਾ ਗਿਆ ਹੈ।