ਫ਼ਰੀਦਕੋਟ: ਬੇਅਦਬੀਆਂ ਅਤੇ ਗੋਲ਼ੀਕਾਂਡਾਂ ਦੇ ਮਸਲੇ 'ਤੇ ਹਰ ਸਿਆਸੀ ਪਾਰਟੀ ਆਪੋ ਆਪਣੇ ਤਰੀਕੇ ਨਾਲ ਸਿਆਸਤ ਕਰ ਰਹੀ ਹੈ। ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਨਵੀਂ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਵੀ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪਿੰਡ ਵਾਸੀਆਂ ਦੇ ਬਿਆਨ ਦਰਜ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਪਹੁੰਚੇ। ਜਵਾਹਰ ਸਿੰਘ ਵਾਲਾ ਉਹੀ ਪਿੰਡ ਹੈ ਜਿੱਥੋਂ ਗੁਰੂ ਗਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਅਤੇ ਅਕਤੂਬਰ 2015 ਦੌਰਾਨ ਬੇਅਦਬੀ ਦੀ ਪਹਿਲੀ ਘਟਨਾ ਵੀ ਇਸੇ ਪਿੰਡ ਵਿੱਚ ਵਾਪਰੀ ਸੀ।
ਖਹਿਰਾ ਨੇ ਬੇਅਦਬੀ ਸਬੰਧੀ ਪੁਲਿਸ ਵੱਲੋਂ ਕੀਤੇ ਕਥਿਤ ਤਸ਼ੱਦਦ ਦੇ ਪੀੜਤ ਲੋਕਾਂ ਦੇ ਬਿਆਨ ਦਰਜ ਕੀਤੇ। ਇਸ ਤੋਂ ਇਲਾਵਾ ਖਹਿਰਾ ਨੇ ਪਿੰਡ ਵਾਸੀਆਂ ਨਾਲ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਵੀ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਦੀ ਕੁੱਟਮਾਰ ਦੇ ਸ਼ਿਕਾਰ ਹੋਏ ਲੋਕਾਂ ਲਈ ਪੰਜਾਬੀ ਏਕਤਾ ਪਾਰਟੀ ਵੱਲੋਂ ਅੱਜ ਤੋਂ ਹੀ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਉਹ ਇਨਸਾਫ਼ ਲਈ ਨਵੀਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਨੂੰ ਮਿਲਣਗੇ ਅਤੇ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ।
ਹਾਲਾਂਕਿ, ਖਹਿਰਾ ਬਿਆਨ ਲੈਣ ਨੂੰ ਅਧਿਕਾਰਤ ਨਹੀਂ ਹਨ ਪਰ ਚੋਣਾਂ ਤੋਂ ਪਹਿਲਾਂ ਮੌਜੂਦਾ ਕਾਂਗਰਸ ਸਰਕਾਰ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਆਪਣੇ ਇਸ ਸਿਆਸੀ ਸਟੰਟ ਰਾਹੀਂ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ।