ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਬਣਾਉਣ ਮਗਰੋਂ ਸੁਖਪਾਲ ਸਿੰਘ ਖਹਿਰਾ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਭਗਵੰਤ ਮਾਨ ਨੂੰ ਨਹੀਂ ਸਗੋਂ ਬਠਿੰਡਾ ਤੋਂ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਹੀ ਚੁਣੌਤੀ ਦੇਣਗੇ। ਖਹਿਰਾ ਨੇ ਨਵੀਂ ਪਾਰਟੀ ਬਣਾਉਣ ਮਗਰੋਂ ਕਿਹਾ ਸੀ ਕਿ ਉਹ ਸੰਗਰੂਰ ਜਾਂ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ।
ਸੁਖਪਾਲ ਖਹਿਰਾ ਨੇ ਹੁਣ ਆਪਣੀ ਪਾਰਟੀ ਦਾ ਪਹਿਲਾ ਦਫ਼ਤਰ ਬਠਿੰਡਾ ਵਿੱਚ ਬਣਾਇਆ ਹੈ। ਇਸ ਤੋਂ ਸਾਫ ਹੈ ਕਿ ਉਹ ਬਠਿੰਡਾ ਤੋਂ ਹੀ ਚੋਣ ਲੜਨਗੇ। ਉਂਝ ਖਹਿਰਾ ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ। ਖਹਿਰਾ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਸਾਰੀਆਂ ਸੀਟਾਂ ’ਤੇ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ।
ਉਂਝ ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਖ਼ੁਦ ਚੋਣ ਲੜਨ ਦੇ ਸੰਕੇਤ ਦਿੰਦਿਆਂ ਚੋਣ ਲੜਨ ਦਾ ਫ਼ੈਸਲਾ ਵਰਕਰਾਂ ਤੇ ਹਮਖਿਆਲੀ ਪਾਰਟੀਆਂ ਦੇ ਹੱਥ ਹੋਣ ਦੀ ਗੱਲ ਕਹੀ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਆਗਾਮੀ ਚੋਣਾਂ ਮੌਕੇ ‘ਆਪ’ ਨਾਲ ਸਮਝੌਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਬੇਸ਼ੱਕ ‘ਆਪ’ ਵਾਲੇ ਨਫ਼ਰਤ ਦੀ ਰਾਜਨੀਤੀ ਕਰਦੇ ਹਨ, ਪਰ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ‘ਆਪ’ ਲਈ ਖੁੱਲ੍ਹੇ ਹਨ।
ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਚੋਣ ਹਲਕੇ ਤੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਹਿਲਾਂ ਚਰਚਾ ਸੀ ਕਿ ਉਹ ਫਰੀਦਕੋਟ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਨੇ ਬਠਿੰਡਾ ਹਲਕੇ ਵਿੱਚ ਸਰਗਰਮੀ ਵੀ ਘਟਾ ਦਿੱਤੀ ਸੀ ਪਰ ਹੁਣ ਉਹ ਫਿਰ ਸਰਗਰਮ ਹੋ ਗਏ ਹਨ। ਇਸ ਤੋਂ ਸਾਫ ਹੈ ਕਿ ਹਰਸਿਮਰਤ ਬਾਦਲ ਹਲਕਾ ਨਹੀਂ ਬਲਣਗੇ।