ਚੰਡੀਗੜ੍ਹ: ਆਮ ਆਦਮੀ ਪਾਰਟੀ 'ਚ ਆਪਸੀ ਕਾਟੋ-ਕਲੇਸ਼ ਤੋਂ ਬਾਅਦ ਸੁਖਪਾਲ ਖਹਿਰਾ ਅੱਜ ਗੜਸ਼ੰਕਰ ਇਲਾਕੇ ਤੋਂ ਆਮ ਆਦਮੀ ਪਾਰਟੀ ਨੂੰ ਨਵੇਂ ਸਿਰੇ ਤੋਂ ਸਿਰਜਣ ਦਾ ਅਭਿਆਨ ਸ਼ੁਰੂ ਕਰਨਗੇ। ਇਸ ਸਬੰਧੀ ਅੱਜ ਗੜਸ਼ੰਕਰ ਦੀ ਦਾਣਾ ਮੰਡੀ ਵਿੱਚ ਕਨਵੈਨਸ਼ਨ ਹੋਵੇਗੀ। ਆਪ ਦੇ ਗੜਸ਼ੰਕਰ ਸੀਟ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ ਮੁਤਾਬਿਕ ਕਨਵੈਨਸ਼ਨ ਵਿੱਚ ਪੰਜਾਬ ਸਰਕਾਰ ਦੇ ਪਿਛਲੇ ਗਲਤ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਕਨਵੈਨਸ਼ਨ 'ਚ ਵਿੱਚ ਸੁਖਪਾਲ ਖਹਿਰਾ ਧੜੇ ਦੇ ਸਾਰੇ ਲੀਡਰ ਮੌਜੂਦ ਰਹਿਣਗੇ। ਦਰਅਸਲ 2 ਅਗਸਤ ਦੇ ਪ੍ਰੋਗਰਾਮ ਵਿੱਚ ਖਹਿਰਾ ਅਤੇ ਸੰਧੂ ਨੇ ਐਲਾਨ ਕੀਤਾ ਸੀ ਕਿ ਅਸੀਂ ਨਵੇਂ ਸਿਰੇ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਵਿੰਗ ਦਾ ਗਠਨ ਕਰਾਂਗੇ। ਖਹਿਰਾ ਧੜੇ ਦਾ ਪ੍ਰੋਗਰਾਮ ਇਸ ਲਈ ਵੀ ਖਾਸ ਹੋਵੇਗਾ ਕਿਉਂਕਿ ਲੋਕਾਂ ਦੇ ਇਕੱਠ ਨਾਲ ਇਸ ਧੜੇ ਦੀ ਤਾਕਤ ਦਾ ਅੰਦਾਜ਼ਾ ਵੀ ਲਗਾਇਆ ਜਾ ਸਕੇਗਾ। ਖਹਿਰਾ ਧੜੇ ਦੀ ਬਠਿੰਡਾ ਕਨਵੈਨਸ਼ਨ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਦੋਆਬਾ ਵਿੱਚ ਪ੍ਰੋਗਰਾਮ ਕਿਉਂ ਨਹੀਂ ਕਰਦੇ। ਮਾਲਵੇ ਵਿੱਚ ਤਾਂ ਲੋਕ ਇਕੱਠੇ ਹੋ ਜਾਂਦੇ ਹਨ।
23 ਸੀਟਾਂ ਵਾਲੇ ਦੋਆਬਾ ਵਿੱਚ ਆਮ ਆਦਮੀ ਪਾਰਟੀ ਕੋਲ ਸੁਖਪਾਲ ਖਹਿਰਾ ਤੋਂ ਇਲਾਵਾ ਸਿਰਫ ਗੜਸ਼ੰਕਰ ਵਾਲੀ ਸੀਟ ਹੀ ਹੈ। ਦੋਆਬਾ ਦੀ ਸ਼ਾਹਕੋਟ ਸੀਟ 'ਤੇ ਵੱਡੀ ਹਾਰ ਤੋਂ ਇਲਾਵਾ ਪਾਰਟੀ ਦਾ ਜਲੰਧਰ ਨਗਰ ਨਿਗਮ ਤੋਂ ਇਲਾਵਾ ਬਹੁਤ ਸਾਰੀਆਂ ਕੌਂਸਲ ਦੀਆਂ ਸੀਟਾਂ 'ਤੇ ਇੱਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ।