ਸੁਲਤਾਨਪੁਰ ਲੋਧੀ: ਇੱਥੇ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਪ੍ਰੋਜੈਕਟ 30 ਸਤੰਬਰ ਤਕ ਪੂਰੇ ਕਰ ਲਏ ਜਾਣਗੇ। ਇਸੇ ਦੌਰਾਨ ਸੁਲਤਾਨਪੁਰ ਲੋਧੀ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਕਿ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਣਗੇ। ਇਸ ਦੇ ਨਾਲ ਹੀ ਇੱਥੇ ਉਨ੍ਹਾਂ ਨੇ ਹਰਸਿਮਰਤ ਬਾਦਲ ਨੂੰ 'ਏਲੀਅਨ' (ਦੂਸਰੀ ਦੁਨੀਆ ਦਾ ਪ੍ਰਾਣੀ) ਕਰਾਰ ਦਿੱਤਾ।
ਬੀਤੇ ਦਿਨ ਹਰਸਿਮਰਤ ਬਾਦਲ ਵੱਲੋਂ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਹਰਸਿਮਰਤ ਦਿੱਲੀ 'ਚ ਮੰਤਰਾਲੇ ਦਾ ਕੰਮ ਪਤਾ ਨਹੀਂ ਕਿਵੇਂ ਕਰ ਰਹੇ ਹਨ, ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਕੰਮ ਕਿਵੇਂ ਹੁੰਦਾ ਹੈ। ਉਹ ਬਿਨਾ ਕਿਸੇ ਜਾਣਕਾਰੀ ਤੋਂ ਬਿਆਨ ਦਿੰਦੇ ਹਨ। ਇੱਥੇ ਤਕ ਕਿ ਕੈਪਟਨ ਨੇ ਹਰਸਿਮਰਤ ਬਾਦਲ ਨੂੰ 'ਏਲੀਅਨ' ਕਰਾਰ ਦੇ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਹਰ ਬੰਦੇ ਨੂੰ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਐਂਟਰੀ ਟੈਕਸ ਨਹੀਂ ਲੱਗਣ ਦਿਆਂਗੇ। ਗਰੀਬ ਲੋਕ 5 ਹਜ਼ਾਰ ਦਾ ਪਾਸਪੋਰਟ ਬਣਾਉਣ ਤੇ ਐਂਟਰੀ ਟੈਕਸ ਵੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਭਾਰਤ ਸਰਕਾਰ ਨੂੰ ਪਾਕਿਸਤਾਨ ਦੀ ਮੰਗ ਨਾ ਪ੍ਰਵਾਨ ਕਰਨ ਬਾਰੇ ਕਿਹਾ ਹੈ।
ਸੋਮਵਾਰ ਨੂੰ ਹਰਸਿਮਰਤ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਦੀ ਗੱਦੀ ਹੈ, ਇੱਥੇ ਸਭ ਦਾ ਸਿਰ ਝੁਕਦਾ ਹੈ। ਹਰਸਿਮਰਤ ਬੋਲਣ ਤੋਂ ਪਹਿਲਾਂ ਕੁਝ ਨਹੀਂ ਸੋਚਦੇ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 550 ਸਾਲਾ ਸਮਾਗਮਾਂ ਸਬੰਧੀ ਤਾਲਮੇਲ ਨਾ ਕਰਨ ਦੀ ਗੱਲ 'ਤੇ ਵੀ ਕੈਪਟਨ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸਮਾਗਮ ਸਾਂਝੇ ਤੌਰ 'ਤੇ ਹੀ ਕੀਤਾ ਜਾਏਗਾ। ਇਸ 'ਚ ਕੋਈ ਅਕਾਲੀ, ਕਾਂਗਰਸੀ ਜਾਂ 'ਆਪ' ਦੀ ਗੱਲ ਨਹੀਂ।