ਡੀਜੀਪੀ ਸੁਮੇਧ ਸੈਣੀ ਇਸ ਮਾਮਲੇ ਵਿੱਚ ਸਭ ਤੋਂ ਉੱਚ ਅਧਿਕਾਰੀ ਹਨ, ਜਿਨ੍ਹਾਂ ਤੋਂ ਐਸਆਈਟੀ ਪੁੱਛਗਿੱਛ ਕਰ ਰਹੀ। ਸੈਣੀ ਤੋਂ ਪਹਿਲਾਂ ਐਸਆਈਟੀ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਮੌਜੂਦਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗੋਲ਼ੀਕਾਂਡਾਂ ਸਬੰਧੀ ਮਾਮਲਿਆਂ ਵਿੱਚ ਗ੍ਰਿਫ਼ਤਾਰ ਵੀ ਕਰ ਚੁੱਕੀ ਹੈ।
ਐਸਆਈਟੀ ਬੇਅਦਬੀ ਮਾਮਲਿਆਂ ਨਾਲ ਡੇਰਾ ਸਿਰਸਾ ਮੁਖੀ ਦਾ ਸਬੰਧ ਜਾਂਚਣ ਲਈ ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਅਕਤੂਬਰ 2015 ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਬਾਰੇ ਪੁੱਛਗਿੱਛ ਕਰ ਚੁੱਕੀ ਹੈ।
ਇਸ ਕਾਰਵਾਈ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਘਟਨਾਵਾਂ ਦੌਰਾਨ ਪੰਜਾਬ ਪੁਲਿਸ ਦੀ ਕਮਾਨ ਸੁਮੇਧ ਸਿੰਘ ਸੈਣੀ ਦੇ ਹੱਥ ਵਿੱਚ ਸੀ ਤੇ ਗੋਲ਼ੀਕਾਂਡ ਤੋਂ ਕੁਝ ਸਮੇਂ ਬਾਅਦ ਸੈਣੀ ਦੀ ਥਾਂ ਸੁਰੇਸ਼ ਅਰੋੜਾ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਗਿਆ ਸੀ।