ਚੰਡੀਗੜ੍ਹ: ਬੀਤੇ ਦਿਨੀਂ ਸੰਗਰੂਰ ਵਿੱਚ ਦੋ ਸਾਲ ਦੇ ਬੱਚੇ ਫ਼ਤਹਿਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਫ਼ਤਹਿ ਦੇ ਪਿੰਡ ਨੂੰ ਲੱਗਦੀ ਸੜਕ ਦਾ ਨਾਂ ਫ਼ਤਹਿਵੀਰ ਰੋਡ ਰੱਖਣ ਦਾ ਐਲਾਨ ਕੀਤਾ ਹੈ। ਸੁਨਾਮ-ਸ਼ੇਰੋਂ-ਕੈਂਚੀਆਂ ਤੋਂ ਸ਼ੇਰੋਂ-ਲੌਂਗੋਵਾਲ ਜਾਂਦੀ ਸੜਕ ਦਾ ਨਾਂ ਫ਼ਤਿਹਵੀਰ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸ ਸੜਕ ਦੀ ਲੰਬਾਈ 11.83 ਕਿਮੀ ਹੈ।


ਸਰਕਾਰ ਨੇ ਭਗਵਾਨਪੁਰਾ ਤਹਿਸੀਲ ਤੇ ਜਿਲ੍ਹਾ ਸੰਗਰੂਰ ਦੇ ਲੋਕਾਂ ਤੇ ਫ਼ਤਹਿ ਦੇ ਪਰਿਵਾਰ ਦੀ ਅਪੀਲ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਪੈਸ਼ਲ ਕੇਸ ਤਹਿਤ ਸੁਨਾਮ-ਸ਼ੇਰੋਂ-ਕੈਂਚੀਆਂ ਤੋਂ ਸ਼ੇਰੋਂ-ਲੌਂਗੋਵਾਲ ਜਾ ਰਹੀ ਸੜਕ ਦਾ ਨਾਂ ਫ਼ਤਿਹਵੀਰ ਦੇ ਨਾਮ 'ਤੇ ਰੱਖਣ ਨੂੰ ਮਨਜ਼ੂਰੀ ਦਿੱਤੀ ਹੈ। ਸਾਂਸਦ ਵਿਜੇ ਇੰਦਰ ਸਿੰਗਲਾ, PDW ਮੰਤਰੀ ਘਨਸ਼ਾਮ ਥੋਰੀ, ਡਿਪਟੀ ਕਮਿਸ਼ਨਰ ਸੰਗਰੂਰ ਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੇ ਪਰਿਵਾਰ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

ਯਾਦ ਰਹੇ ਪਿੰਡ ਭਗਵਾਨਪੁਰਾ ਦਾ 2 ਸਾਲਾ ਫ਼ਤਿਹਵੀਰ ਸਿੰਘ ਖੇਡਦਾ ਹੋਇਆ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। ਉਸ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ 5 ਦਿਨ ਬਚਾਅ ਕਾਰਜ ਚੱਲੇ ਪਰ ਛੇਵੇਂ ਦਿਨ ਬੋਰਵੈੱਲ ਵਿੱਚੋਂ ਫ਼ਤਹਿਵੀਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ।