Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਉਦੋਂ ਤੋਂ ਵਿਰੋਧੀ ਪਾਰਟੀਆਂ ਲਗਾਤਾਰ ਮੁੱਖ ਮੰਤਰੀ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਸੀ.ਐਮ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਰਿਲੀਵ ਕਰ ਦਿੱਤਾ ਗਿਆ ਹੈ। 1 ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਪਹਿਲਾਂ ਸੀ.ਐਮ ਮਾਨ ਸਰਕਾਰ ਸ਼ਹਿਰ 'ਚ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਮੁੱਖ ਮੰਤਰੀ ਕਿਸ ਗੱਲ ਤੋਂ ਡਰਦੇ ਹਨ?


ਜਿਹੜੇ ਜਿੱਤੇਗਾ ਕਮਰੇ ਚੋਂ ਬਾਹਰ ਆ ਜਾਵੇਗਾ


ਸੁਨੀਲ ਜਾਖੜ ਨੇ ਕਿਹਾ ਕਿ ਇਸ ਬਹਿਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ। ਬੰਦ ਆਡੀਟੋਰੀਅਮ ਵਿੱਚ ਹੋਣ ਵਾਲੀ ਇਹ ਬਹਿਸ ਕੈਮਰਿਆਂ ਤੱਕ ਹੀ ਰਹੇਗੀ। ਜਾਖੜ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਬਹਿਸ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਅਤੇ ਭਗਵੰਤ ਮਾਨ ਨੂੰ ਇਕ ਕਮਰੇ 'ਚ ਬੰਦ ਕਰ ਦਿਓ, ਅਸੀਂ ਕਬੱਡੀ-ਕਬੱਡੀ ਖੇਡਾਂਗੇ ਅਤੇ ਜੋ ਜਿੱਤੇਗਾ ਉਹ ਦਰਵਾਜ਼ਾ ਖੋਲ੍ਹ ਕੇ ਸਹੀ-ਸਲਾਮਤ ਬਾਹਰ ਆ ਜਾਵੇਗਾ। 'ਮੇਰੀ ਮਿੱਟੀ ਮੇਰਾ ਦੇਸ਼' ਪ੍ਰੋਗਰਾਮ 'ਚ ਹਿੱਸਾ ਲੈਣ ਲਈ ਲੁਧਿਆਣਾ ਆਏ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਬਹਿਸ ਕਰਨੀ ਹੈ ਤਾਂ ਖੁੱਲ੍ਹ ਕੇ ਕਰੋ।


'ਜਾਖੜ ਨੇ ਕਿਹਾ ਧਿਆਨ ਹਟਾਉਣ ਲਈ ਕੀਤੀ ਜਾ ਰਹੀ ਹੈ ਬਹਿਸ'


ਪੰਜਾਬ ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਐਸ.ਵਾਈ.ਐਲ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਬਹਿਸ ਕਰਵਾਈ ਜਾ ਰਹੀ ਹੈ, ਤਾਂ ਜੋ ਲੋਕਾਂ ਦਾ ਧਿਆਨ ਐਸ.ਵਾਈ.ਐਲ ਵੱਲ ਨਾ ਜਾਵੇ। ਉਨ੍ਹਾਂ ਕਿਹਾ ਕਿ ਸੀ.ਐਮ ਮਾਨ ਨੂੰ ਪੰਜਾਬ ਦੇ ਮਸਲਿਆਂ ਬਾਰੇ ਕੁਝ ਪਤਾ ਨਹੀਂ ਹੈ, ਉਹ ਸਿਰਫ਼ ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਲੁਧਿਆਣਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਾਖੜ ਨੇ ਦਾਅਵਾ ਕੀਤਾ ਕਿ ਬਹਿਸ ਤੋਂ ਇੱਕ ਦਿਨ ਪਹਿਲਾਂ 4 ਡੀਆਈਜੀ ਅਤੇ 8 ਐਸਐਸਪੀਜ਼ ਨੂੰ ਜ਼ੁਬਾਨੀ ਤੌਰ 'ਤੇ ਲੁਧਿਆਣਾ ਪਹੁੰਚਣ ਲਈ ਕਿਹਾ ਗਿਆ ਸੀ। ਕੁਝ ਵਿਦਿਆਰਥੀਆਂ ਦੇ ਹੋਸਟਲ ਵੀ ਸੀਲ ਕਰਨ ਦੀ ਤਿਆਰੀ ਹੈ।