ਚੰਡੀਗੜ੍ਹ: ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਂਡ ਤੋਂ ਅਸਤੀਫਾ ਨਾ ਮਨਜ਼ੂਰ ਹੋਣ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਪਹਿਲੀ ਬੈਠਕ ਕੀਤੀ। ਸੁਨੀਲ ਜਾਖੜ ਸਮੇਤ ਇੰਚਾਰਜ ਆਸ਼ਾ ਕੁਮਾਰੀ ਨੇ ਕਾਂਗਰਸ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਬੈਠਕ ਕੀਤੀ।

ਬੈਠਕ ਵਿੱਚ ਮੁੱਖ ਮੰਤਰੀ ਦੇ ਛੇ ਸਿਆਸੀ ਸਲਾਹਕਾਰ ਬਾਰੇ ਹੋਈ ਚਰਚਾ ਵਿੱਚ ਜਾਖੜ ਨੇ ਕਿਹਾ ਗਿਆ ਕਿ ਸਿਆਸੀ ਸਲਾਹਕਾਰ ਕਾਂਗਰਸ ਸਰਕਾਰ ਦੇ ਦੁਆਲੇ ਅਫਸਰਸ਼ਾਹੀ ਦਾ ਘੇਰਾ ਤੋੜਨਗੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਤੇ ਵਰਕਰਾਂ ਨਾਲ ਸਰਕਾਰ ਦਾ ਸਿੱਧਾ ਸੰਪਰਕ ਰਹੇਗਾ। ਉਨ੍ਹਾਂ ਕਿਹਾ ਕਿ ਜੋ ਅਫ਼ਸਰਸ਼ਾਹੀ ਸਰਕਾਰ ਤੇ ਵਰਕਰਾਂ ਵਿਚਕਾਰ ਖਰਾਬੀ ਕਰ ਰਹੀ ਹੈ, ਉਸ ਘੇਰੇ ਨੂੰ ਤੋੜਨ ਲਈ ਸਿਆਸੀ ਸਲਾਹਕਾਰ ਬਣਾਏ ਗਏ ਹਨ।

ਜਾਖੜ ਨੇ ਕਿਹਾ ਕਿ ਸਾਰੇ ਵਿਧਾਇਕਾਂ ਵਿੱਚੋਂ ਛੇ ਵਿਧਾਇਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਹਿਸਾਬ ਨਾਲ ਸਿਆਸੀ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਸਰਕਾਰ ਨੇ ਜ਼ਰੂਰਤ ਮੁਤਾਬਕ ਸਿਆਸੀ ਸਲਾਹਕਾਰ ਲਾਏ ਤੇ ਸਰਕਾਰੀ ਖ਼ਜ਼ਾਨੇ ਦਾ ਧਿਆਨ ਰੱਖਦੇ ਹੋਏ ਵੀ ਇਹ ਸਲਾਹਕਾਰਾਂ ਦੀ ਨਿਯੁਕਤੀ ਕੀਤੀ ਗਈ ਹੈ।