ਜਲੰਧਰ: ਕਾਂਗਰਸ ਦੀ ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪਾਰਟੀ ਤੋਂ ਨਾਰਾਜ਼ ਚੱਲ ਰਹੇ ਵਿਧਾਇਕਾਂ ਤੇ ਲੀਡਰਾਂ ਦੇ ਖੁੱਲ੍ਹੇਆਮ ਬੋਲਣ ਤੋਂ ਬਾਅਦ ਕਾਂਗਰਸ ਵੱਲੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਅੱਜ ਜਲੰਧਰ ਤੋਂ ਕੀਤੀ ਗਈ। ਅਜਿਹੀਆਂ ਮੀਟਿੰਗਾਂ ਪੂਰੇ ਸੂਬੇ 'ਚ ਕੀਤੀਆਂ ਜਾਣਗੀਆਂ। ਪਹਿਲੀ ਮੀਟਿੰਗ ਲਈ ਜਲੰਧਰ ਆਏ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਵਰਕਰਾਂ ਨੇ ਪ੍ਰਧਾਨ ਨੂੰ ਨਸ਼ਾ, ਬੇਅਦਬੀ ਤੇ ਰੁਜ਼ਗਾਰ ਦੇ ਉਹ ਸਾਰੇ ਵਾਅਦੇ ਯਾਦ ਕਰਵਾਏ ਜਿਹੜੇ ਕਾਂਗਰਸ ਨੇ ਸਰਕਾਰ ਬਣਾਉਣ ਲਈ ਕੀਤੇ ਸਨ। ਵਰਕਰਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਚੋਣਾਂ ਜਿੱਤਣੀਆਂ ਔਖੀਆਂ ਹੋ ਜਾਣਗੀਆਂ। ਵਰਕਰਾਂ ਨੇ ਪੁਲਿਸ ਵੱਲੋਂ ਕੀਤੀਆਂ ਜਾਣ ਵਾਲੀਆਂ ਧੱਕੇਸ਼ਾਹੀਆਂ ਤੋਂ ਇਲਾਵਾ ਨੀਲੇ ਕਾਰਡ ਨਾ ਬਣਨ ਦਾ ਮੁੱਦਾ ਵੀ ਚੁੱਕਿਆ। ਇਸ ਮੌਕੇ ਜਾਖੜ ਨੇ ਕੇਂਦਰ ਵੱਲੋਂ ਪੰਜਾਬ ਦਾ ਪੈਸਾ ਰੋਕਣ ਨੂੰ ਦਾਦਗਿਰੀ ਦੱਸਿਆ। ਉਂਝ ਜਾਖੜ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਵਿਕਾਸ ਕੰਮਾਂ 'ਚ ਦੇਰੀ ਹੋਈ ਹੈ ਪਰ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਭਰੋਸਾ ਦੁਆਇਆ ਕਿ ਸਭ ਦੇ ਸਮਾਰਟ ਕਾਰਡ ਬਣਨਗੇ। ਅਮਨ-ਕਾਨੂੰਨ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਇਹ ਹੈਦਰਾਬਾਦ ਨਹੀਂ, ਇੱਥੇ ਅਰਾਜਕਤਾ ਨਹੀਂ। ਸਾਡਾ ਕੰਮ ਹੈ ਸਾਰੇ ਤੱਥ ਕੋਰਟ 'ਚ ਲੈ ਕੇ ਜਾਣਾ। ਦੇਰ ਹੈ ਅੰਧੇਰ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਕਾਂਗਰਸੀ ਦਾ ਨਸ਼ੇ 'ਚ ਨਾਮ ਨਹੀਂ ਆਇਆ। ਜਲੰਧਰ ਦੇ ਦਿਹਾਤੀ ਪ੍ਰਧਾਨ ਨੂੰ ਸੰਮਨ ਕੀਤੇ ਜਾਣ 'ਤੇ ਜਾਖੜ ਨੇ ਈਡੀ 'ਤੇ ਸਵਾਲ ਚੁੱਕੇ। ਜਾਖੜ ਨੇ ਕਿਹਾ ਕਿ ਈਡੀ ਦੀ ਦੁਰਵਰਤੋਂ ਹੋ ਰਹੀ ਹੈ। ਮੀਟਿੰਗ ਲਈ ਅੱਜ ਸੁਨੀਲ ਜਾਖੜ ਜਲੰਧਰ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨਾਲ ਪਹੁੰਚੇ। ਉਨ੍ਹਾਂ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ। ਈਡੀ ਨੂੰ ਪਹਿਲਾਂ ਨਸ਼ੇ ਦੇ ਉਸ ਕੇਸ ਨੂੰ ਹੱਲ ਕਰਨਾ ਚਾਹੀਦਾ ਹੈ ਜਿਸ 'ਚ 2014 'ਚ ਸੰਮਨ ਕੀਤਾ ਸੀ, ਉਸ ਤੋਂ ਬਾਅਦ ਲਾਲੀ ਨੂੰ ਵੇਖਣਾ ਚਾਹੀਦਾ ਹੈ। ਲਾਲੀ ਨੂੰ ਅੱਜ ਈਡੀ ਨੇ ਸਮਨ ਕੀਤਾ ਸੀ ਪਰ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਈਡੀ ਨੇ ਸ਼ੁੱਕਰਵਾਰ ਨੂੰ ਲਾਲੀ ਦੇ ਘਰ ਤੇ ਦਫਤਰ 'ਚ ਰੇਡ ਕੀਤੀ ਸੀ ਤੇ ਸੋਮਵਾਰ ਨੂੰ ਬੁਲਾਇਆ ਸੀ।