ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਪਾਕਿਸਤਾਨੀ ਫ਼ੌਜ ਦੀ ਘਿਨਾਉਣੀ ਯੋਜਨਾ ਹੋਣ ਦਾ ਸ਼ੱਕ ਜਤਾਏ ਜਾਣ ਤੋਂ ਬਾਅਦ ਕਾਂਗਰਸ ਦੇ ਪੰਜਾਬ ਪ੍ਰਧਾਨ ਉਨ੍ਹਾਂ ਦੇ ਹੱਕ ਵਿੱਚ ਉੱਤਰ ਆਏ ਹਨ। ਜਾਖੜ ਨੇ ਕਿਹਾ ਕਿ ਕੈਪਟਨ ਨੇ ਇਮਰਾਨ ਖ਼ਾਨ ਦੀ ਨੀਅਤ 'ਤੇ ਨਹੀਂ ਬਲਕਿ ਫ਼ੌਜ ਉੱਪਰ ਸ਼ੱਕ ਜ਼ਾਹਰ ਕੀਤਾ ਸੀ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਕਿ ਇਮਰਾਨ ਖ਼ਾਨ ਦੀ ਨੀਅਤ ਵਿੱਚ ਕੋਈ ਖੋਟ ਨਹੀਂ ਪਰ ਕੁਝ ਇਹੋ ਜਿਹੇ ਲੋਕ ਹਨ ਜੋ ਨਹੀਂ ਚਾਹੁੰਦੇ ਕਿ ਦੋਵੇਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣੇ। ਜਾਖੜ ਨੇ ਕਿਹਾ ਮਿਲਟਰੀ ਫ਼ੈਸਟੀਵਲ ਦੇ ਵਿੱਚ ਜਿੰਨੇ ਵੀ ਸਾਬਕਾ ਆਰਮੀ ਅਫ਼ਸਰ ਪਹੁੰਚੇ ਸਨ, ਸਭ ਨੇ ਇਸ ਮੁੱਦੇ 'ਤੇ ਇਮਰਾਨ ਖ਼ਾਨ ਦੀ ਤਾਰੀਫ਼ ਕੀਤੀ ਸੀ।
ਗੁਰਦਾਸਪੁਰ ਤੋਂ ਸੰਸਦ ਮੈਂਬਰ ਨੇ ਸਪੱਸ਼ਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਨੇ ਵੀ ਆਈਐੱਸਆਈ ਉਤੇ ਸ਼ੱਕ ਦੀ ਸੂਈ ਖੜ੍ਹੀ ਕੀਤੀ ਨਾ ਕਿ ਇਮਰਾਨ ਖਾਨ ਦੀ ਨੀਅਤ ਉੱਪਰ। ਜਾਖੜ ਨੇ ਪਿਛਲੇ ਤਿੰਨ ਦਿਨਾਂ ਤੋਂ ਅਕਾਲੀ ਦਲ ਵੱਲੋਂ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾਉਣ ਨੂੰ ਵੀ ਡਰਾਮਾ ਕਰਾਰ ਦਿੱਤਾ।
ਸੁਨੀਲ ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਦੋ ਦਿਨ ਪਹਿਲਾਂ ਇਹ ਸਟੇਟਮੈਂਟ ਦਿੱਤੀ ਸੀ ਕਿ ਸੇਵਾ ਖ਼ਤਮ ਹੋਣ ਤੇ ਉਹ ਖੁੱਲ੍ਹ ਕੇ ਮੀਡੀਆ ਨਾਲ ਗੱਲ ਕਰਨਗੇ, ਪਰ ਹੁਣ ਆਪਣੇ ਹੀ ਬਿਆਨਾਂ ਤੋਂ ਪਲਟ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਸਿਆਸਤਦਾਨ ਧਰਮ 'ਤੇ ਹੀ ਸਿਆਸਤ ਕਰ ਰਹੇ ਹਨ।