ਗੁਰਦਾਸਪੁਰ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਮਨ ਲੰਮਾ ਅਰਸਾ ਪਹਿਲਾਂ ਪਾਰਟੀ ਤੋਂ ਵੱਖ ਹੋ ਚੁੱਕੇ ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਜਾਣ ਦੇ ਫੈਸਲੇ ਤੋਂ ਉਦਾਸ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਡੇਰਾ ਬਾਬਾ ਨਾਨਕ ਵਿੱਚ ਬਰਾੜ ਬਾਰੇ ਗੱਲਬਾਤ ਕੀਤੀ।

ਜਗਮੀਤ ਬਰਾੜ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਬਰਾੜ ਕਾਂਗਰਸ ਦੇ ਸੀਨੀਅਰ ਲੀਡਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਫੈਸਲੇ 'ਤੇ ਅਫਸੋਸ ਹੈ। ਉਨ੍ਹਾਂ ਕਿਹਾ ਕਿ ਬਰਾੜ ਨੂੰ ਪਾਰਟੀ ਨੇ ਇੰਨੇ ਅਹੁਦੇ ਦਿੱਤੇ ਪਰ ਜਗਮੀਤ ਬਰਾੜ ਉਸੇ ਪਾਰਟੀ ਨਾਲ ਹੀ ਨਾਰਾਜ਼ਗੀ ਜ਼ਾਹਰ ਕਰਦੇ ਰਹੇ।

ਉਨ੍ਹਾਂ ਕਿਹਾ ਕਿ ਜਗਮੀਤ ਆਪ ਹੀ ਆਪਣੀਆਂ ਸਟੇਜਾਂ ਤੋਂ ਕਹਿੰਦੇ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਬਾਦਲਾਂ ਨੇ ਕਰਵਾਇਆ ਹੈ ਤਾਂ ਹੁਣ ਕਿਸ ਮੂੰਹ ਨਾਲ ਉਹ ਬਾਦਲਾਂ ਦੇ ਕਦਮਾਂ ਵਿੱਚ ਜਾ ਕੇ ਬੈਠਣਗੇ। ਜਗਮੀਤ ਬਰਾੜ ਭਲਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ, ਉਨ੍ਹਾਂ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।

ਜਾਖੜ ਦੇ ਨਾਲ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੀਤੇ ਦੋ ਦਿਨਾਂ ਦੌਰਾਨ ਹੋਈ ਬਾਰਸ਼ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦੇ ਨੁਕਸਾਨ ਬਾਰੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਨੁਕਸਾਨ ਦੀ ਗਿਰਦਵਾਰੀ ਕਰ ਮੁਆਵਜ਼ਾ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਹਨ। ਰੰਧਾਵਾ ਨੇ ਕਰਤਾਰਪੁਰ ਕੌਰੀਡੋਰ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮਨਾਉਣ ਬਾਰੇ ਕਿਹਾ ਕਿ ਸਾਡੀ ਫੁੱਲ ਤਿਆਰੀ ਪਰ ਕੇਂਦਰ ਫੰਡ ਨਹੀਂ ਦੇ ਰਿਹਾ।