ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਵਿੱਚ ਸਾਬਕਾ ਸੰਸਦ ਮੈਂਬਰ, ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਦਲ-ਬਦਲਣ ਵਾਲੇ ਮਸਲੇ 'ਤੇ ਆਪਣੀ ਰਾਏ ਰੱਖੀ ਹੈ।
ਬਾਦਲ ਨੇ ਕਿਸੇ ਦਾ ਨਾਂਅ ਲਏ ਬਗੈਰ ਕਿਹਾ ਕਿ ਪਹਿਲਾਂ ਲੋਕ ਪਾਰਟੀਆਂ ਨਹੀਂ ਬਦਲਦੇ ਸਨ ਤੇ ਟਿਕਟ ਨਾ ਵੀ ਮਿਲੇ ਤਾਂ ਲੋਕ ਆਪਣੀ ਪਾਰਟੀ 'ਚ ਹੀ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਲੜਾਈ ਪਾਰਟੀ ਦੀ ਪਾਲਿਸੀ ਪ੍ਰੋਗਰਾਮ 'ਤੇ ਹੋਣੀ ਚਾਹੀਦੀ ਹੈ। ਹੁਣ ਵੋਟਾਂ ਲੈਣ ਲਈ ਇੱਕ-ਦੂਜੇ ਦੀ ਨਿੰਦਾ ਕਰਨਾ ਬੇਹੱਦ ਪ੍ਰਚਲਿਤ ਹੋ ਗਿਆ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਨੇ ਬਹੁਤ ਚੰਗੇ ਫੈਸਲੇ ਕੀਤੇ ਤੇ ਜੇ ਮੋਦੀ ਨੂੰ ਹੋਰ ਸਮਾਂ ਮਿਲਿਆ ਤਾਂ ਹਿੰਦੋਸਤਾਨ ਦੀ ਨੁਹਾਰ ਬਦਲ ਜਾਏਗੀ। ਬਾਦਲ ਨੇ ਦਾਅਵਾ ਕੀਤਾ ਕਿ ਮੋਦੀ ਦੇ ਹੱਕ 'ਚ ਅਕਾਲੀ ਦਲ ਦੀਆਂ 13 ਸੀਟਾਂ ਆਉਣਗੀਆਂ।
ਉਨ੍ਹਾਂ ਕਾਂਗਰਸ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਬਾਦਲ ਨੇ ਬੇਅਦਬੀਆਂ ਤੇ ਗੋਲ਼ੀਕਾਂਡ ਦੀ ਪੜਤਾਲ ਲਈ ਬਣੀ ਐਸਆਈਟੀ 'ਤੇ ਬੋਲਦਿਆਂ ਕਿਹਾ ਕਿ ਜੇ ਹੁਣ ਕੁੰਵਰ ਵਿਜੇ ਪ੍ਰਤਾਪ ਨਹੀਂ ਤਾਂ ਬਾਕੀ ਮੈਂਬਰ ਕੰਮ ਕਰ ਲੈਣ।