ਪੀਲੀਭੀਤ: ਕਣਕ ਦੀ ਵਾਢੀ ਕਰਵਾਉਣ ਆਪਣੇ ਨਾਨਕੇ ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ਗਏ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਟਰੈਕਟਰ ਹੇਠਾਂ ਆਉਣ ਕਰਕੇ ਮੌਤ ਹੋ ਗਈ। ਦੋਹਤੇ ਦੀ ਮੌਤ ਦਾ ਦੁੱਖ ਨਾ ਸਹਾਰਦਿਆਂ ਨਾਨੀ ਨੇ ਵੀ ਸਰੀਰ ਤਿਆਗ ਦਿੱਤਾ। ਹਰਜੀਤ ਸਿੰਘ ਪੰਜਾਬ ਦੀ ਹਾਕੀ ਟੀਮ ਦਾ ਖਿਡਾਰੀ ਵੀ ਸੀ ਤੇ ਲਖਨਊ ਖੇਡਣ ਆਉਂਦਾ ਸੀ।


ਪਿੰਡ ਗਦੀਹਰ ਦੀ ਰਹਿਣ ਵਾਲੀ 93 ਸਾਲਾ ਕਰਤਾਰ ਕੌਰ ਦੇ ਘਰ ਮੰਗਲਵਾਰ ਸਵੇਰੇ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਉਨ੍ਹਾਂ ਦਾ ਦੋਹਤਾ ਹਰਜੀਤ ਸਿੰਘ (34) ਆਇਆ ਸੀ। ਸ਼ਾਮ ਨੂੰ ਖੇਤਾਂ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਚੱਲ ਰਹੀ ਸੀ। ਇਸ ਦੌਰਾਨ ਹਰਜੀਤ ਜਦ ਟਰਾਲੀ ਭਰ ਕੇ ਘਰ ਜਾਣ ਲੱਗਾ ਤਾਂ ਚੜ੍ਹਾਈ 'ਤੇ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਉਹ ਹੇਠਾਂ ਦੱਬ ਗਿਆ।

ਹਰਜੀਤ ਨੂੰ ਖਾਸੀ ਮੁਸ਼ਕਲ ਨਾਲ ਟਰੈਕਟਰ ਹੇਠੋਂ ਕੱਢਿਆ ਗਿਆ ਤੇ ਪੂਰਨਪੁਰ ਦੇ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਰਜੀਤ ਦੀ ਨਾਨੀ ਬੇਹੋਸ਼ ਹੋ ਡਿੱਗ ਗਈ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਿਸ ਨੇ ਹਰਜੀਤ ਦੀ ਲਾਸ਼ ਦਾ ਪੋਸਟਮਾਰਟਮ ਕਰ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਹਰਜੀਤ ਨੇ 10 ਸਾਲ ਪਹਿਲਾਂ ਉਸ ਨੇ ਆਪਣੇ ਨਾਨਕੇ ਅੱਠ ਏਕੜ ਜ਼ਮੀਨ ਖਰੀਦੀ ਸੀ ਤੇ ਖੇਤੀ ਕਰਦਾ ਸੀ। ਮੰਗਲਵਾਰ ਨੂੰ ਕਣਕ ਦੀ ਵਾਢੀ ਕਰਨ ਗਏ ਹਰਜੀਤ ਨਾਲ ਹਾਦਸਾ ਵਾਪਰ ਗਿਆ। ਦੋ ਭੈਣਾਂ ਦਾ ਇਕੱਲਾ ਭਰਾ ਹਰਜੀਤ ਸਿੰਘ ਆਪਣੇ ਪਿੱਛੇ ਸੱਤ ਸਾਲ ਦੀ ਧੀ ਤੇ ਪੰਜ ਸਾਲ ਦਾ ਪੁੱਤਰ ਛੱਡ ਗਿਆ ਹੈ।