ਚੰਡੀਗੜ੍ਹ: ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਮਹਿਲਾ ਆਈਏਐਸ ਨਾਲ ਪੰਗਾ ਲੈਣ ਵਾਲੇ ਕੈਪਟਨ ਦੇ ਮੰਤਰੀ ਬਾਰੇ ਆਖ਼ਰੀ ਫੈਸਲਾ ਮੁੱਖ ਮੰਤਰੀ ਦੇ ਦੇਸ਼ ਪਰਤਣ 'ਤੇ ਹੀ ਲਿਆ ਜਾਵੇਗਾ। ਜਾਖੜ ਨੇ ਇੱਥੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਔਰਤਾਂ ਦਾ ਸਨਮਾਨ ਸਭ ਤੋਂ ਉੱਪਰ ਹੈ। ਕਿਆਸਰਾਈਆਂ ਹਨ ਕਿ ਮੰਤਰੀ ਕੋਲੋਂ ਕੁਰਸੀ ਖੋਹੀ ਜਾ ਸਕਦੀ ਹੈ।

ਸੁਨੀਲ ਜਾਖੜ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਇਸ ਸਮੇਂ ਮੁੱਖ ਮੰਤਰੀ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਮੰਤਰੀ ਦੋਵੇਂ ਹੀ ਵਿਦੇਸ਼ ਵਿੱਚ ਹਨ ਤੇ ਉਨ੍ਹਾਂ ਦੀ ਵਾਪਸੀ 'ਤੇ ਹੀ ਕੋਈ ਫੈਸਲਾ ਹੋ ਸਕਦਾ ਹੈ। ਹਾਲਾਂਕਿ ਜਾਖੜ ਨੇ ਇਹ ਵੀ ਕਿਹਾ ਕਿ ਇਸ ਮਾਮਲਾ ਸੁਲਝਾਇਆ ਜਾ ਚੁੱਕਾ ਹੈ।

ਅਧਿਆਪਕਾਂ ਦੇ ਮਸਲੇ 'ਤੇ ਵੀ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਧਿਆਪਕ ਵਰਗ ਲਈ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ ਅਤੇ ਉਨ੍ਹਾਂ ਦੇ ਮਸਲੇ ਨੂੰ ਵੀ ਛੇਤੀ ਹੀ ਸੁਲਝਾ ਲਿਆ ਜਾਏਗਾ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰਾ ਬੋਝ ਪੰਜਾਬ ਸਰਕਾਰ ਉਤੇ ਹੀ ਪਾ ਦਿੱਤਾ ਹੈ। ਅਧਿਆਪਕਾਂ ਨੇ ਪਟਿਆਲਾ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜੋ ਪੰਜ ਨਵੰਬਰ ਤਕ ਜਾਰੀ ਰਹੇਗੀ।

ਜਾਖੜ ਨੇ ਕਿਹਾ ਕਿ ਸੂਬੇ ਵਿੱਚ ਗਰਮਾਏ ਹਰ ਮੁੱਦੇ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਅੰਮ੍ਰਿਤਸਰ ਟ੍ਰੇਨ ਹਾਦਸੇ 'ਤੇ ਸਿਆਸਤ ਕਰ ਰਹੇ ਹਨ। ਕੈਪਟਨ ਦੇ ਵਿਦੇਸ਼ੀ ਸੈਰ ਸਪਾਟੇ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਰੀਆਂ ਜ਼ਿੰਮੇਵਾਰੀਆਂ ਨਿਭਾਅ ਕੇ ਹੀ ਵਿਦੇਸ਼ ਗਏ ਸਨ। ਜ਼ਿਕਰਯੋਗ ਹੈ ਕਿ ਕੈਪਟਨ ਆਪਣੇ ਇਜ਼ਰਾਈਲ ਦੌਰੇ ਤੋਂ ਬਾਅਦ ਛੁੱਟੀਆਂ ਕੱਟਣ ਲਈ ਅੱਗੇ ਤੁਰਕੀ ਚਲੇ ਗਏ ਹਨ। ਉਹ ਪਹਿਲੀ ਨਵੰਬਰ ਨੂੰ ਪੰਜਾਬ ਵਾਪਸ ਪਰਤ ਸਕਦੇ ਹਨ।