ਚੰਡੀਗੜ੍ਹ: ਪਟਿਆਲਾ ਵਿੱਚ ਪੱਕੇ ਮੋਰਚੇ 'ਤੇ ਬੈਠੇ ਅਧਿਆਪਕਾਂ ਵੱਲੋਂ ਮਰਨ ਵਰਤ ਖ਼ਤਮ ਕਰਨ ਤੋਂ ਬਾਅਦ ਆਪਣਾ ਇਰਾਦਾ ਢਿੱਲਾ ਨਹੀਂ ਪੈਣ ਦਿੱਤਾ ਹੈ। ਅਧਿਆਪਕਾਂ ਨੇ ਹੁਣ ਪੱਕੇ ਮੋਰਚੇ ਨੂੰ ਲੜੀਵਾਰ ਭੁੱਖ ਹੜਤਾਲ ਵਿੱਚ ਤਬਦੀਲ ਕਰ ਦਿੱਤਾ ਹੈ। ਅਧਿਆਪਕਾਂ ਦੇ ਇਰਾਦੇ ਸਰਕਾਰ ਦੀ ਪੇਸ਼ਕਸ਼ ਮੰਨ ਕੇ ਘੱਟ ਤਨਖ਼ਾਹ ਬਦਲੇ ਪੱਕੇ ਹੋਣ ਵਾਲੇ ਅਧਿਆਪਕਾਂ ਦੀ ਗਿਣਤੀ ਤੋਂ ਵੀ ਸਪੱਸ਼ਟ ਹੁੰਦੇ ਹਨ। ਹੁਣ ਤਕ 8,886 ਅਧਿਆਪਕਾਂ ਵਿੱਚੋਂ ਪੱਕੇ ਹੋਣ ਬਦਲੇ ਸ਼ੁਰੂਆਤੀ ਤਿੰਨ ਸਾਲਾਂ ਦਾ ਪਰਖ ਕਾਲ ਤੇ ਇਸ ਦੌਰਾਨ ਤਨਖ਼ਾਹ ਵਿੱਚ ਕਟੌਤੀ ਨੂੰ  ਸਿਰਫ 1,758  ਅਧਿਆਪਕਾਂ ਨੇ ਸਵੀਕਾਰ ਕੀਤਾ ਹੈ। ਵਿਭਾਗ ਨੇ 15,300 ਰੁਪਏ ਦੀ ਬੱਝੀ ਤਨਖ਼ਾਹ ’ਤੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਪੇਸ਼ਕਸ਼ ਕੀਤੀ ਸੀ।

ਸਰਕਾਰੀ ਅਧਿਆਪਕ ਯੂਨੀਅਨ ਦੇ ਸੁਖਵਿੰਦਰ ਸਿੰਘ ਚਹਿਲ ਨੇ ਕਿਹਾ ਕਿ 20 ਫ਼ੀਸਦੀ ਦਾ ਅੰਕੜਾ ਵੀ ਸਰਕਾਰ ਵਧਾ-ਚੜ੍ਹਾ ਕੇ ਦੱਸ ਰਹੀ ਹੈ ਬਲਕਿ ਅਸਲ ਵਿੱਚ ਤਾਂ ਸਰਕਾਰ ਦੀ ਪੇਸ਼ਕਸ਼ ਸਵੀਕਾਰ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ ਇਸ ਤੋਂ ਵੀ ਘੱਟ ਹੈ ਕਿਉਂਕਿ ਲਿਸਟ ਵਿੱਚ ਦਿਖਾਏ ਇਨ੍ਹਾਂ ਅਧਿਆਪਕਾਂ ਵਿੱਚੋਂ ਬਹੁਤੇ ਅਧਿਆਪਕ ਤਾਂ ਚਿੱਠੀਆਂ ਲੈਣ ਪੁੱਜੇ ਹੀ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਚਿੱਠੀਆਂ ਲੈਣ ਲਈ ਗ਼ੈਰਹੈਜ਼ਰ ਅਧਿਆਪਕ ਵੀ ਇੰਨੀ ਘੱਟ ਤਨਖ਼ਾਹ ’ਤੇ ਨੌਕਰੀ ਕਰਨ ਲਈ ਤਿਆਰ ਨਹੀਂ ਹਨ।

ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਅਧਿਆਪਕ ਜੋ ਰੈਗੂਲਰ ਨੌਕਰੀ ਜੁਆਇਨ ਕਰ ਰਹੇ ਹਨ ਜਾਂ ਜੁਆਇਨ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਮੋਰਚੇ ’ਤੇ ਬੈਠੇ ਅਧਿਆਪਕ ਧਮਕੀਆਂ ਦੇ ਰਹੇ ਹਨ। ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਪੁਨੀਆ ਨੇ ਸਪੱਸ਼ਟ ਕੀਤਾ ਕਿ ਸਿੱਖਿਆ ਵਿਭਾਗ ਦਾ ਇਹ ਦਾਅਵਾ ਕਿ 90 ਫ਼ੀਸਦੀ ਅਧਿਆਪਕ ਸਰਕਾਰ ਦੀ ਪੇਸ਼ਕਸ਼ ਮੰਨ ਤੇ ਨੌਕਰੀ ਜੁਆਇਨ ਕਰ ਲੈਣਗੇ, ਬਿਲਕੁਲ ਗ਼ਲਤ ਹੈ। ਅਧਿਆਪਕਾਂ ਮੁਤਾਬਕ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ 'ਤੇ ਅੰਤਿਮ ਫੈਸਲਾ ਲੈਣਗੇ।