ਚੰਡੀਗੜ੍ਹ: ਕਸਬਾ ਬਨੂੰੜ ਨੇੜਲੇ ਪਿੰਡ ਮੋਟੇਮਾਜਰਾ ਵਿੱਚ ਪਿਤਾ ਵੱਲੋਂ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਹਿਰ ਕਾਰਨ ਪਿਤਾ ਤੇ ਤਿੰਨ ਸਾਲਾ ਪੁੱਤਰ ਦੀ ਮੌਤ ਹੋ ਗਈ ਜਦਕਿ ਨੌਂ ਸਾਲਾਂ ਦੀ ਧੀ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਰਬਾਰਾ ਸਿੰਘ ਦੀ ਪਹਿਲੀ ਪਤਨੀ ਦੀ ਢਾਈ ਕੁ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸੇ ਸਾਲ ਪ੍ਰਾਈਵੇਟ ਸਕਿਉਰਿਟੀ ਕੰਪਨੀ ਵਿੱਚ ਨੌਕਰੀ ਕਰਨ ਵਾਲੇ ਦਰਬਾਰਾ ਸਿੰਘ ਨੇ ਇੱਕ ਬੱਚੀ ਦੀ ਵਿਧਵਾ ਨਾਲ ਮੁੜ ਵਿਆਹ ਕਰ ਲਿਆ ਸੀ। ਵੀਰਵਾਰ ਨੂੰ ਦੁਪਹਿਰ ਸਮੇਂ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਸੀ ਅਤੇ ਚਾਰ ਕੁ ਵਜੇ ਉਸਨੇ ਆਪਣੇ ਬੱਚਿਆਂ ਦੇ ਨਾਲ-ਨਾਲ ਖ਼ੁਦ ਬੰਦ ਕਮਰੇ ਵਿੱਚ ਜਾ ਕੇ ਜ਼ਹਿਰੀਲੀ ਦਵਾਈ ਮਿਲਾਈ ਹੋਈ ਕੋਲਡ ਡਰਿੰਕ ਪੀ ਲਈ। ਇਸ ਮਗਰੋਂ ਸਾਰੇ ਜਣੇ ਉਲਟੀਆਂ ਕਰਨ ਲੱਗ ਪਏ।
ਤਿੰਨਾਂ ਨੂੰ ਬਨੂੜ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ। ਪਰ ਰਸਤੇ ਵਿੱਚ ਹੀ ਦਰਬਾਰਾ ਸਿੰਘ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਉਸ ਦੀ ਨੌਂ ਵਰ੍ਹਿਆਂ ਦੀ ਧੀ ਜ਼ੇਰੇ ਇਲਾਜ ਹੈ, ਜਿਸਦੀ ਹਾਲਤ ਸਥਿਰ ਹੈ।
ਥਾਣਾ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਦਰਬਾਰਾ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਬਿਆਨਾਂ ਤਹਿਤ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਮਿਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਸਾਲ 2010 ਵਿੱਚ ਦਰਬਾਰਾ ਸਿੰਘ ਸੜਕ ਹਾਦਸਾ ਹੋ ਗਿਆ ਸੀ ਤੇ ਸਿਰ ਵਿੱਚ ਸੱਟ ਵੱਜਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖ਼ੁਦ ਅਤੇ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਪਿਲਾ ਦਿੱਤਾ।