ਪਟਿਆਲਾ: ਮਰਨ ਵਰਤ ਖ਼ਤਮ ਕਰਨ ਤੋਂ ਬਾਅਦ ਆਪਣੀਆਂ ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਨੇ ਆਪਣੇ ਰੋਸ ਪ੍ਰਦਰਸ਼ਨ ਦਾ ਢੰਗ ਵੀ ਬਦਲ ਲਿਆ ਹੈ। ਤਿਉਹਾਰਾਂ ਦੀ ਰੁੱਤ ਵਿੱਚ ਅਧਿਆਪਕਾਂ ਨੇ ਕਰਵਾ ਚੌਥ ਦੀ ਤਰਜ਼ 'ਤੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਸਾਂਝਾ ਅਧਿਆਪਕ ਮੋਰਚੇ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਾਏ ਪੱਕੇ ਮੋਰਚੇ 'ਤੇ ਬੈਠੇ ਅਧਿਆਪਕ ਲੜੀਵਾਰ ਭੁੱਖ ਹੜਤਾਲ 'ਤੇ ਬੈਠਣਗੇ। ਆਉਣ ਵਾਲੀ ਪੰਜ ਨਵੰਬਰ ਤਕ ਰੋਜ਼ਾਨਾ 11-11 ਅਧਿਆਪਕ 24 ਘੰਟੇ ਕੁਝ ਵੀ ਨਹੀਂ ਖਾਣਗੇ।

ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ ਔਰਤਾਂ ਸਮੇਤ 11 ਅਧਿਆਪਕਾਂ ਦਾ ਪਹਿਲਾ ਜਥਾ ਲੜੀਵਾਰ ਭੁੱਖ ਹੜਤਾਲ ’ਤੇ ਬੈਠਿਆ। ਤਿਉਹਾਰਾਂ ਨੂੰ ਸੰਘਰਸ਼ੀ ਰੰਗ ਦੇਣ ਲਈ ਅੱਜ ਯਾਨੀ ਸ਼ਨੀਵਾਰ ਨੂੰ ਕਰਵਾ ਚੌਥ ਦੇ ਤਿਉਹਾਰ ਮੌਕੇ ਸਿਰਫ ਮਹਿਲਾ ਅਧਿਆਪਕ ਹੀ ਭੁੱਖ ਹੜਤਾਲ ਕਰਨਗੀਆਂ।



ਮੋਰਚੇ ਨੇ ‘ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ’ ਦੇ ਸੈਮੀਨਾਰਾਂ ਦਾ ਵੀ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ ਲੰਘੇ ਕੱਲ੍ਹ ਸੰਘਰਸ਼ ਪ੍ਰਤੀ ਸਰਕਾਰ ਦੇ ਕਥਿਤ ਬੇਪ੍ਰਵਾਹੀ ਵਾਲੇ ਵਤੀਰੇ ਦੇ ਚਲਦਿਆਂ ਮਰਨ ਵਰਤ ਅੰਦੋਲਨ ਵਾਪਸ ਲੈ ਲਿਆ ਸੀ, ਪਰ ਪੱਕੇ ਮੋਰਚੇ ਨੂੰ ਪਹਿਲਾਂ ਵਾਂਗ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਇਸ ਕੜੀ ਵਜੋਂ ਅੱਜ ਪੱਕੇ ਮੋਰਚੇ ਦੇ ਵੀਹਵੇਂ ਦਿਨ ਸੰਘਰਸ਼ ਨੂੰ ਨਵਾਂ ਰੁਖ਼ ਦਿੰਦਿਆਂ ਲੜੀਵਾਰ ਭੁੱਖ ਹੜਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਲੜੀਵਾਰ ਭੁੱਖ ਹੜਤਾਲ ਦੇ ਪਹਿਲੇ ਦਿਨ ਅਧਿਆਪਕ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 8886 ਐਸ.ਐਸ.ਏ, ਰਮਸਾ ਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਸਕੇਲਾਂ ’ਤੇ ਪੱਕੇ ਕਰਨ ਦੀ ਬਜਾਏ ਤਨਖਾਹ ਕਟੌਤੀ ਕਰਨ ਲਈ ਅਧਾਰ ਬਣਾਏ 94 ਫੀਸਦੀ ਸਹਿਮਤੀ ਦੇ ਝੂਠੇ ਅੰਕੜੇ ਦੇ ਗੁਬਾਰੇ ਦੀ ਹਵਾ ਨਿਕਲਦੀ ਦੇਖ ਕੇ ਸਿੱਖਿਆ ਸਕੱਤਰ ਵੱਲੋਂ ਹਰ ਹੀਲਾ ਫੇਲ੍ਹ ਹੋਣ ਮਗਰੋਂ ਹੁਣ ਆਪਸ਼ਨ ਕਲਿਕ ਵਾਲਾ ਪੋਰਟਲ ਅਣਮਿੱਥੇ ਸਮੇਂ ਲਈ ਖੋਲ੍ਹ ਦਿੱਤਾ ਗਿਆ ਹੈ। ਅਧਿਆਪਕ ਹਾਲਾਂਕਿ ਪਹਿਲਾਂ ਹੀ ਇਸ ਪੋਰਟਲ ਦਾ ਬਾਈਕਾਟ ਕਰ ਚੁੱਕੇ ਹਨ। ਇਸੇ ਤਰ੍ਹਾਂ 5178 ਅਧਿਆਪਕ, ਜੋ ਪਿਛਲੇ ਚਾਰ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਨੂੰ ਨਵੰਬਰ 2017 ਤੋਂ ਰੈਗੂਲਰ ਕਰਨ ਦੀ ਬਜਾਏ ਅਪਰੈਲ 2019 ਤੋਂ ਰੈਗੂਲਰ ਕਰਨ ਦੇ ਬਿਆਨ ਦੇਣੇ ਸਰਕਾਰ ਦੇ ਅਧਿਆਪਕਾਂ ਅਤੇ ਸਿੱਖਿਆ ਪ੍ਰਤੀ ਗੰਭੀਰਤਾ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।