ਫ਼ਤਿਹਾਬਾਦ: ਸ਼ਹਿਰ ਦੇ ਪਾਲਿਕਾ ਬਾਜ਼ਾਰ ਸਥਿਦ ਮੋਬਾਈਲ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਪੁਲਿਸ ਨੇ ਮਾਮਲੇ ਦੀ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਲਾਰੈਂਸ ਗੈਂਗ ਦੇ ਇੱਕ ਮੈਂਬਰ ਨੇ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਵਿਨੋਦ ਨੂੰ ਵੀਰਵਾਰ ਦੁਪਹਿਰ ਸਮੇਂ ਕਿਸੇ ਅਣਜਾਣ ਨੰਬਰ ਤੋਂ ਫ਼ੋਨ ਕਰ ਇੱਕ ਹਫ਼ਤੇ ਦੇ ਅੰਦਰ 10 ਲੱਖ ਰੁਪਏ ਦੇਣ ਦੀ ਗੱਲ ਕਹੀ। ਅਜਿਹਾ ਨਾ ਕਰਨ 'ਤੇ ਦੁਕਾਨਦਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਫ਼ਤਿਹਾਬਾਦ ਦੇ ਥਾਣਾ ਸਿਟੀ ਦੇ ਮੁਖੀ ਜਗਦੀਸ਼ ਚੰਦਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਫਿਰੌਤੀ, ਲੁੱਟ, ਡਕੈਤੀ ਤੇ ਸੁਪਾਰੀ ਕਤਲ ਜਿਹੇ ਕਈ ਮਾਮਲੇ ਦਰਜ ਹਨ। ਬਿਸ਼ਨੋਈ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।