ਗੁਰਦਾਸਪੁਰ: ਸੰਨੀ ਦਿਓਲ ਦੀ ਮਦਦ ਲਈ ਧਰਮਿੰਦਰ ਦੇ ਆਉਣ ਮਗਰੋਂ ਸੁਨੀਲ ਜਾਖੜ ਵੀ ਥੋੜ੍ਹਾ ਨਰਮ ਪੈ ਗਏ ਹਨ। ਜਾਖੜ ਨੇ ਆਪਣੇ ਪਿਤਾ ਦੇ ਦੋਸਤ ਧਰਮਿੰਦਰ ਦੀ ਵੀ ਤਾਰੀਫ ਕੀਤੀ, ਪਰ ਨਾਲ ਹੀ ਉਨ੍ਹਾਂ ਦੀ ਪਾਰਟੀ 'ਤੇ ਵੀ ਸਵਾਲ ਉਠਾਏ। ਧਰਮਿੰਦਰ ਨੇ ਸੁਨੀਲ ਜਾਖੜ ਨੂੰ ਆਪਣੇ ਪੁੱਤਾਂ ਵਰਗਾ ਦੱਸਦਿਆਂ ਕਿਹਾ ਸੀ ਕਿ ਜੇਕਰ ਪਹਿਲਾਂ ਪਤਾ ਹੁੰਦਾ ਕਿ ਉਹ ਬਲਰਾਮ ਦਾ ਪੁੱਤਰ ਹੈ ਤਾਂ ਸੰਨੀ ਨੂੰ ਇੱਥੇ ਨਾ ਭੇਜਦੇ।

ਹੁਣ, ਸੁਨੀਲ ਜਾਖੜ ਨੇ ਧਰਮਿੰਦਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਚੰਗੇ ਇਨਸਾਨ ਹਨ ਪਰ ਮੋਦੀ ਨੇ 2104 ਵਿੱਚ ਪੂਰੇ ਦੇਸ਼ ਨੂੰ ਗੁੰਮਰਾਹ ਕਰ ਸਰਕਾਰ ਬਣਾਈ ਸੀ, ਉਂਜ ਹੀ ਹੁਣ ਮੋਦੀ ਨੇ ਦਿਓਲ ਪਰਿਵਾਰ ਨੂੰ ਗੁੰਮਰਾਹ ਕਰ ਚੋਣਾਂ ਵਿੱਚ ਲਗਾ ਦਿੱਤਾ ਹੈ।

ਬੀਤੇ ਕੱਲ੍ਹ ਗੁਰਦਾਸਪੁਰ ਵਿੱਚ ਸੰਨੀ ਦਿਓਲ ਦੇ ਰੋਡ ਸ਼ੋਅ ਦੇ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਗਏ ਵਿਰੋਧ ਨੂੰ ਬਾਰੇ ਜਾਖੜ ਨੇ ਕਿਹਾ ਕਿ ਚਾਹੇ ਕੋਈ ਰੋਡ ਸ਼ੋਅ ਕਰੇ ਚਾਹੇ ਕੋਈ ਰੈਲੀ, ਲੋਕਤੰਤਰ ਵਿੱਚ ਆਪਣੀ ਆਵਾਜ਼ ਲੋਕਾਂ ਦੇ ਸਾਹਮਣੇ ਰੱਖਣ ਦਾ ਹੱਕ ਹੈ ਪਰ ਇਹ ਲੋਕ ਸਭਾ ਚੋਣਾਂ ਸ਼ਾਂਤੀ ਪੂਰਵਕ ਹੋਣੀਆਂ ਚਾਹੀਦੀਆਂ ਹਨ।

ਸੁਨੀਲ ਜਾਖੜ ਨੇ ਕਿਹਾ ਕਿ ਨਰੇਂਦਰ ਮੋਦੀ ਨੂੰ ਲੋਕਾਂ ਦੇ ਵਿੱਚ ਆ ਕੇ ਜਵਾਬ ਦੇਣਾ ਪਵੇਗਾ ਅਤੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਦੇਸ਼ ਦੀ ਜਨਤਾ ਲਈ ਕੀ ਕੀਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਸਿਰਫ ਡਰਾਮੇ ਕੀਤੇ ਹਨ, ਪਰ ਡਾਇਲੋਗ ਬੋਲਣ ਅਤੇ ਭਾਸ਼ਣ ਦੇਣ ਨਾਲ ਕੰਮ ਨਹੀਂ ਚੱਲੇਗਾ, ਮੋਦੀ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।