ਚੰਡੀਗੜ੍ਹ: ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਵੱਲੋਂ ਲਾਏ ਜਾ ਰਹੇ ਧਰਨਿਆਂ ਨੂੰ ਪਾਖੰਡ ਕਰਾਰ ਦਿੱਤਾ ਹੈ। ਜਾਖੜ ਨੇ ਕਿਹਾ ਕਿ 10 ਸਾਲ ਅਕਾਲੀ ਦਲ ਨੂੰ ਨਾ ਇਤਿਹਾਸ ਦੀਆਂ ਕਿਤਾਬਾਂ ਯਾਦ ਆਈਆਂ ਤੇ ਨਾ ਸਿੱਖ ਧਰਮ ਯਾਦ ਆਇਆ। ਉਨ੍ਹਾਂ ਕਿਹਾ ਜਦੋਂ ਟਕਸਾਲੀ ਲੀਡਰਾਂ ਨੇ ਅਕਾਲੀ ਦਲ ਖ਼ਿਲਾਫ਼ ਮੋਰਚਾ ਖ਼ੋਲ੍ਹ ਦਿੱਤਾ ਤਾਂ ਸੁਖਬੀਰ ਬਾਦਲ ਨੂੰ ਸਿੱਖ ਧਰਮ ਵੀ ਦਿਖਾਈ ਦੇ ਰਿਹਾ ਹੈ ਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।

ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ ਅਸਤੀਫੇ ਦੇ ਬਿਆਨ ਦੇ ਰਹੇ ਹਨ। ਜੇਕਰ ਉਹ ਇਸ ਮੁੱਦੇ 'ਤੇ ਇੰਨੇ ਹੀ ਗੰਭੀਰ ਹਨ ਤਾਂ ਹੁਣ ਤੱਕ ਅਸਤੀਫਾ ਦੇ ਦੇਣਾ ਚਾਹੀਦਾ ਸੀ। ਜਾਖੜ ਨੇ ਅਕਾਲੀ ਦਲ ਵੱਲੋਂ ਚੁਰਾਸੀ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਹੱਕਾਂ ਲਈ ਧਰਨਾ ਲਾਉਣ ਬਾਰੇ ਕਿਹਾ ਕੀ ਕੇਂਦਰ ਵਿੱਚ ਐਨਡੀਏ ਸਰਕਾਰ ਹੈ ਤੇ ਅਕਾਲੀ ਦਲ ਉਸ ਦਾ ਹਿੱਸਾ ਹੈ। ਧਰਨਾ ਲਾਉਣ ਦੀ ਬਜਾਏ ਕੇਂਦਰ ਸਰਕਾਰ ਕੋਲੋਂ ਕਿਉਂ ਨਹੀਂ ਇਨਸਾਫ਼ ਦਿਵਾ ਸਕਦੇ।

ਇਸ ਦੇ ਨਾਲ ਜਾਖੜ ਨੇ ਪੰਜਾਬ ਦੇ ਕਿਸਾਨਾਂ 'ਤੇ ਦਿੱਲੀ ਵਿੱਚ ਪ੍ਰਦੂਸ਼ਣ ਫੈਲਾਉਣ ਦੇ ਇਲਾਜ਼ਮ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਜਾਖੜ ਨੇ ਕਿਹਾ ਹੈ ਕਿ ਕੇਜਰੀਵਾਲ ਕਿਸਾਨਾਂ ਦਾ ਦਰਦ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਕਿਸਾਨਾਂ ਦਾ ਦਰਦ ਸਮਝਦੇ ਹੁੰਦੇ ਤਾਂ ਪੰਜਾਬ ਆ ਕੇ ਪੰਜਾਬ ਸਰਕਾਰ ਨੂੰ ਨਿੰਦਣ ਦੀ ਬਜਾਏ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਏਕੜ ਪਿੱਛੇ ਮੁਆਵਜ਼ਾ ਵਧਾਉਣ ਦੀ ਗੱਲ ਕਰਦੇ।