ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਬਰਕੰਦੀ ਰੋਡ ਦੇ ਰਹਿਣ ਵਾਲੇ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਦੋ ਜ਼ੇਰੇ ਇਲਾਜ ਹਨ। ਬੱਚਿਆਂ ਦੇ ਪਿਤਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਆਪਣੀ ਪਤਨੀ ਦੇ ਚਲੇ ਜਾਣ ਕਾਰਨ ਦੁਖੀ ਸੀ ਅਤੇ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਕੇ ਉਸ ਨੇ ਅਜਿਹਾ ਕਦਮ ਚੁੱਕ ਲਿਆ।
ਬਰਕੰਦੀ ਰੋਡ ਦੇ ਰਹਿਣ ਵਾਲੇ ਕ੍ਰਿਸ਼ਨ ਨੇ ਬੀਤੀ 30 ਅਕਤੂਬਰ ਨੂੰ ਸਿਟੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਤਨੀ ਕਿਸੇ ਹੋਰ ਮਰਦ ਨਾਲ ਚਲੀ ਗਈ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਸੀ ਕਿ ਉਹ ਰਾਜਸਥਾਨ ਵਿੱਚ ਨਰਮਾ ਚੁਗਣ ਲਈ ਗਈ ਸੀ ਤੇ ਦੁਸਹਿਰੇ ਮੌਕੇ ਉੱਥੋਂ ਪੈਸੇ ਲੈਕੇ ਪੰਜਾਬ ਆ ਗਈ। ਪਰ ਉਸ ਕੋਲ ਆਉਣ ਦੀ ਬਜਾਇ ਕਿਸੇ ਹੋਰ ਨਾਲ ਚਲੀ ਗਈ।
ਸ਼ਿਕਾਇਤ ਦੇਣ ਤੋਂ ਦੋ ਦਿਨ ਬਾਅਦ ਹੀ ਕ੍ਰਿਸ਼ਨ ਦਾ ਸਬਰ ਜਵਾਬ ਦੇਣ ਲੱਗਾ ਤੇ ਵੀਰਵਾਰ ਦੁਪਹਿਰ ਨੂੰ ਉਸ ਨੇ ਆਪਣੇ ਤਿੰਨੇ ਬੱਚੇ ਈ-ਰਿਕਸ਼ਾ 'ਤੇ ਬਿਠਾ ਲਏ ਅਤੇ ਪਿੰਡ ਝਬੇਲਵਾਲੀ ਕੋਲ ਜਾ ਕੇ ਸਾਰਿਆਂ ਨੂੰ ਰਿਕਸ਼ੇ ਸਮੇਤ ਨਹਿਰ ਵਿੱਚ ਸੁੱਟ ਦਿੱਤਾ। ਰੌਲ਼ਾ ਸੁਣ ਕੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਨਹਿਰ 'ਚ ਛਾਲਾਂ ਮਾਰ ਕੇ ਬੱਚਿਆਂ ਨੂੰ ਬਾਹਰ ਕੱਢ ਲਿਆ, ਪਰ ਕ੍ਰਿਸ਼ਨ ਖ਼ੁਦ ਪਾਣੀ ਵਿੱਚ ਵਹਿ ਗਿਆ।
ਲੋਕਾਂ ਨੇ ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਵੱਡੇ ਪੁੱਤਰ ਅਰਸ਼ (13) ਦੀ ਮੌਤ ਹੋ ਗਈ ਜਦਕਿ ਉਸ ਦੇ ਛੋਟੇ ਭੈਣ-ਭਰਾ ਰਿਤੂ (10) ਤੇ ਦੀਪਕ (8) ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।