ਚੰਡੀਗੜ੍ਹ: ਪੰਜਾਬ ਦੇ ਭਾਜਪਾ ਨੇਤਾ ਸੁਨੀਲ ਜਾਖੜ ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ 'ਤੇ ਤੰਜ ਕੱਸਿਆ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਹਾਲੀ ਨੂੰ ਕੈਂਸਰ ਹਸਪਤਾਲ ਦੇ ਕੇ ਜਾ ਰਹੇ ਹਨ। ਮੇਰੀ ਸੀਐਮ ਭਗਵੰਤ ਮਾਨ ਨੂੰ ਅਪੀਲ ਹੈ ਕਿ ਸਿਹਤ ਮੰਤਰੀ ਨੂੰ ਇੱਥੇ ਨਾ ਭੇਜਿਆ ਜਾਵੇ। ਹਸਪਤਾਲ ਇੱਕ ਇਮਾਰਤ ਹੈ ਪਰ ਇਲਾਜ ਡਾਕਟਰਾਂ ਨੇ ਹੀ ਕਰਨਾ ਹੈ।


ਦੱਸ ਦਈਏ ਕਿ ਜਾਖੜ ਦਾ ਇਹ ਤੰਜ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦੇ ਅਸਤੀਫੇ ਦੀ ਵਜ੍ਹਾ ਕਰਕੇ ਸੀ ,ਜਿਨ੍ਹਾਂ ਨੇ ਸਿਹਤ ਮੰਤਰੀ ਵੱਲੋਂ ਫਟੇ ਤੇ ਗੰਦੇ ਗੱਦੇ 'ਤੇ ਪਾਉਣ ਨਾਲ ਜ਼ਲੀਲ ਹੋ ਕੇ ਅਸਤੀਫਾ ਦੇ ਦਿੱਤਾ ਸੀ। ਉਧਰ, ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕੰਗ ਨੇ ਕਿਹਾ ਹੈ ਕਿ ਸਾਡੇ ਸਿਹਤ ਮੰਤਰੀ ਜੌੜਾਮਾਜਰਾ ਨੂੰ ਸਲਾਹ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਤੇ ਆਪਣੀ ਪਿਛਲੀ ਮਾਂ ਪਾਰਟੀ ਕਾਂਗਰਸ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਕਾਰਨਾਮੇ ਯਾਦ ਕਰਨ।


ਸੁਨੀਲ ਜਾਖੜ ਨੇ ਕਿਹਾ ਕਿ ਜਨਵਰੀ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਇੱਕ ਕਮੇਟੀ ਬਣਾਈ ਸੀ। ਇਸ ਦੀ ਰਿਪੋਰਟ ਸਬਮਿਟ ਹੋਵੇਗੀ। ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਸਭ ਕਿਸ ਦੀ ਸਾਜਿਸ਼ ਨਾਲ ਹੋਇਆ ਸੀ। ਪੀਐਮ ਦੇ ਕਾਫਲੇ ਦੇ ਸਾਹਮਣੇ ਅਚਾਨਕ ਪ੍ਰਦਰਸ਼ਨ ਕਿਵੇਂ ਹੋਇਆ? ਉਸ ਦੇ ਰੂਟ ਦੀ ਜਾਣਕਾਰੀ ਕਿਸ ਨੇ ਲੀਕ ਕੀਤੀ?

ਸੁਨੀਲ ਜਾਖੜ ਨੇ ਇਸ਼ਾਰਿਆਂ 'ਚ ਸਾਬਕਾ ਸੀਐਮ ਚੰਨੀ 'ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਕਿਹਾ ਕਿ ਕੁਝ ਕਬੂਤਰ ਵਿਦੇਸ਼ਾਂ ਵਿਚ ਉੱਡ ਗਏ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਚੂਕ ਨੂੰ ਲੈ ਕੇ ਸਾਰਿਆਂ ਦੀ ਭੂਮਿਕਾ ਸਾਹਮਣੇ ਆਉਣੀ ਚਾਹੀਦੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਚੂਕ ਹੋਈ ਸੀ, ਉਸ ਵੇਲੇ ਕਾਂਗਰਸ ਸਰਕਾਰ ਦੇ ਚਰਨਜੀਤ ਚੰਨੀ ਸੀਐਮ ਸਨ।

ਉਨ੍ਹਾਂ ਨੇ ਸੁਰੱਖਿਆ ਵਿੱਚ ਚੂਕ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ ਕਿ ਉਨ੍ਹਾਂ ਦੀ ਰੈਲੀ ਵਿੱਚ ਭੀੜ ਨਹੀਂ ਸੀ। ਹਾਲਾਂਕਿ, ਬਾਅਦ ਦੀਆਂ ਵਿਸ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਹੋਣ ਦੇ ਬਾਵਜੂਦ, ਚੰਨੀ 2 ਸੀਟਾਂ ਤੋਂ ਚੋਣ ਹਾਰ ਗਏ ਸਨ।

 

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ ਬੀਤੇ ਕੱਲ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ , ਭਾਜਪਾ ਆਗੂ ਹਾਜ਼ਰ ਸਨ।