ਚੰਡੀਗੜ੍ਹ: ਲੋਕਾ ਸਭਾ ਚੋਣਾਂ ਦੇ ਆਖਰੀ ਗੇੜ ‘ਚ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਬਾਲੀਵੁੱਡ ਐਕਟਰ ਤੋਂ ਬੀਜੇਪੀ ‘ਚ ਸ਼ਾਮਲ ਹੋਏ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਹੈ। ਸੰਨੀ ਦਿਓਲ ਮੰਨਦੇ ਹਨ ਕਿ ਉਨ੍ਹਾਂ ਨੂੰ ਸਿਆਸਤ ਬਾਰੇ ਕੁਝ ਨਹੀਂ ਪਤਾ ਪਰ ਫਿਰ ਵੀ ਉਹ ਜ਼ਰੂਰ ਜਿੱਤਣਗੇ। ਇਹ ਗੱਲ ਹੀ ਉਨ੍ਹਾਂ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ। ਪੰਜਾਬ ‘ਚ 19 ਮਈ ਨੂੰ ਚੋਣਾਂ ਹਨ ਤੇ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆ ਜਾਣਗੇ।

ਆਪਣੇ ਚੋਣ ਪ੍ਰਚਾਰ ਦੌਰਾਨ ਸੰਨੀ ਦਿਓਲ ਨੇ ਕਿਹਾ ਕਿ ਉਹ ਰਾਜਨੀਤੀ ਬਾਰੇ ਕੁਝ ਨਹੀਂ ਜਾਣਦੇ ਪਰ ਉਹ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਗੁਰਦਾਸਪੁਰ ਲਈ ਕੀ ਕਰਨਗੇ ਤਾਂ ਇਸ ਬਾਰੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਮੈਂ ਇਸ ਬਾਰੇ ਜ਼ਿਆਦਾ ਨਹੀਂ ਕਹਿ ਸਕਦਾ। ਜਿੱਤ ਤੋਂ ਬਾਅਦ ਮੈਂ ਚੀਜ਼ਾਂ ਨੂੰ ਪ੍ਰੋਫੈਸਨਲੀ ਢੰਗ ਨਾਲ ਕਰਾਂਗਾ। ਇੱਥੇ ਵਧੇਰੇ ਕੁਝ ਕਰਨ ਵਾਲਾ ਹੈ। ਮੈਂ ਵੱਖ-ਵੱਖ ਮੁੱਦਿਆਂ ‘ਤੇ ਕੰਮ ਕਰਨਾ ਹੈ। ਮੈਂ ਦੇਖਣਾ ਚਾਹੁੰਦਾ ਹਾਂ ਕਿ ਨੈਜਵਾਨ ਕੀ ਚਾਹੁੰਦੇ ਹਨ।”

ਇਸ ਤੋਂ ਪਹਿਲਾਂ ਸੰਨੀ ਬਾਲਾਕੋਟ ਏਅਰ ਸਟ੍ਰਾਈਕ ਬਾਰੇ ਬਿਆਨ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਤਾਂ ਨਹੀਂ ਪਤਾ ਤੇ ਨਾ ਹੀ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਰਿਸ਼ਤਿਆਂ ਬਾਰੇ ਜਾਣਕਾਰੀ ਹੈ। ਉਹ ਸਿਰਫ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।”