ਗੁਰਦਾਸਪੁਰ: ਬੀਜੇਪੀ ਉਮੀਦਵਾਰ ਸਨੀ ਦਿਓਲ ਨੇ ਗੁਰਦਾਸਪੁਰ ਡੀਸੀ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਦਾ ਭਰਾ ਬੌਬੀ ਦਿਓਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ ਤੇ ਭਗਵਾਨ ਵਾਲਮੀਕ ਮੰਦਰ ਮੱਥਾ ਟੇਕਿਆ।


ਇਸ ਮੌਕੇ ਸਵਰਨ ਸਲਾਰੀਆ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਮਿਲ ਕੇ ਸਾਰੀ ਨਾਰਾਜ਼ਗੀ ਦੂਰ ਹੋ ਗਈ ਹੈ। ਹੁਣ ਉਹ ਸਾਰੇ ਸਨੀ ਦਿਓਲ ਦੀ ਜਿੱਤ ਲਈ ਕੰਮ ਕਰਨਗੇ। ਦੱਸ ਦੇਈਏ ਇਸ ਤੋਂ ਪਹਿਲਾਂ ਸਨੀ ਨੇ ਕੈਪਟਨ ਅਭਿਮੰਨਿਊ ਨਾਲ ਵੀ ਮੁਲਾਕਾਤ ਕੀਤੀ। ਪਹਿਲਾਂ ਉਨ੍ਹਾਂ ਦਾ ਡੇਰਾ ਬਾਬਾ ਨਾਨਕ ਜਾਣ ਦਾ ਵੀ ਪ੍ਰੋਗਰਾਮ ਸੀ ਪਰ ਜਾ ਨਹੀਂ ਸਕੇ।

ਸਨੀ ਦਿਓਲ ਕੱਲ੍ਹ ਦੁਪਹਿਰ ਨੂੰ ਹੀ ਮੁੰਬਈ ਤੋਂ ਅੰਮ੍ਰਿਤਸਰ ਪਹੁੰਚ ਗਏ ਸਨ ਜਿੱਥੇ ਉਨ੍ਹਾਂ ਇੱਕ ਹੋਟਲ ਵਿੱਚ ਕੈਪਟਨ ਅਭਿਮਨਿਊ ਤੇ ਹੋਰ ਬੀਜੇਪੀ ਲੀਡਰਾਂ ਨਾਲ ਮੀਟਿੰਗ ਕੀਤੀ। ਕੁਝ ਦਿਨ ਪਹਿਲਾਂ ਹੀ ਉਹ ਪਾਰਟੀ ਵਿੱਚ ਸ਼ਾਮਲ ਹੋਏ ਹਨ। ਪਾਰਟੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।