ਚੰਡੀਗੜ੍ਹ: ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਉਨ੍ਹਾਂ ਨੇ ਆਪਣਾ ਕੰਮਕਾਰ ਵੇਖਣ ਲਈ ਪ੍ਰਤੀਨਿਧ ਨਿਯੁਕਤ ਕਰ ਦਿੱਤਾ ਹੈ। ਸੰਨੀ ਦਿਓਲ ਨੇ ਬਕਾਇਦਾ ਲੈਟਰ ਜਾਰੀ ਕਰਕੇ ਚੋਣਾਂ ਸਮੇਂ ਮੁੱਖ ਭੂਮਿਕਾ ਨਿਭਾਉਣ ਵਾਲੇ ਫਿਲਮ ਲੇਖਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਪ੍ਰਤੀਨਿਧ ਨਿਯੁਕਤ ਕੀਤਾ ਹੈ।

ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਹੋ ਰਹੀ ਹੈ। ਉਧਰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਸੰਨੀ ਦਾ ਮਖੌਲ ਉਡਾਇਆ ਹੈ। ਸੁਨੀਲ ਜਾਖੜ ਕਿਹਾ ਹੈ ਕਿ ਸੰਨੀ ਕਿਤੇ ਲੋਕ ਸਭਾ ਲਈ ਵੀ ਨਾ ਨੁਮਾਇੰਦ ਲੱਭ ਲੈਣ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੰਨੀ ਦਿਓਲ 'ਤੇ ਵਿਸ਼ਵਾਸ ਕਰਕੇ ਜਤਾਇਆ ਸੀ ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।

ਦਰਅਸਲ ਸੰਨੀ ਦਿਓਲ ਨੇ ਫੈਸਲਾ ਕੀਤਾ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ 'ਚ ਸਾਰਾ ਕੰਮਕਾਰ ਗੁਰਪ੍ਰੀਤ ਸਿੰਘ ਪਲਹੇੜੀ ਦੇਖਣਗੇ। ਸੰਨੀ ਦੀ ਗ਼ੈਰਹਾਜ਼ਰੀ ਵਿੱਚ ਪ੍ਰਸ਼ਾਸਨਿਕ ਤੇ ਹੋਰ ਮਹੱਤਵਪੂਰਨ ਮੀਟਿੰਗਾਂ ’ਚ ਵੀ ਪਲਹੇੜੀ ਹੀ ਸ਼ਾਮਲ ਹੋਣਗੇ। ਹਾਸਲ ਜਾਣਕਾਰੀ ਮੁਤਾਬਕ ਗੁਰਪ੍ਰੀਤ ਪਲਹੇੜੀ ਦੀ ਸੰਨੀ ਦਿਓਲ ਦੇ ਪਰਿਵਾਰ ਨਾਲ ਕਾਫੀ ਨੇੜਤਾ ਹੈ। ਉਨ੍ਹਾਂ ਦੀ ਨਿਊ ਚੰਡੀਗੜ੍ਹ ’ਚ ਕੋਠੀ ਹੈ ਤੇ ਸਨੀ ਦਿਓਲ ਦੇ ਚੋਣ ਪ੍ਰਚਾਰ ਦੀ ਸਾਰੀ ਕਮਾਂਡ ਪਲਹੇੜੀ ਨੇ ਹੀ ਸੰਭਾਲੀ ਸੀ। ਵਿਵਾਦ ਭਖਣ ਮਗਰੋਂ ਸੰਨੀ ਨੇ ਪੋਸਟ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਨੇ ਤਾਂ ਕੰਮਕਾਜ ਸਹੀ ਚਲਾਉਣ ਲਈ ਪੀਏ ਲਾਇਆ ਹੈ ਪਰ ਬੜੀ ਮੰਦਭਾਗੀ ਗੱਲ ਹੈ ਕਿ ਇਸ ਨੂੰ ਵਿਵਾਦ ਬਣਾ ਦਿੱਤਾ ਗਿਆ ਹੈ।