ਮੁੰਬਈ: ਬਾਲੀਵੁੱਡ ਅਦਾਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਚੁੱਪਚਾਪ ਆਪਣਾ ਕੰਮ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੀਆਂ ਪ੍ਰਤੀਕਿਰਿਆਵਾਂ 'ਤੇ ਬਹੁਤਾ ਧਿਆਨ ਨਹੀਂ ਦਿੰਦੇ। ਸੰਨੀ ਦਿਓਲ ਨੇ ਕਿਹਾ ਕਿ ਉਹ ਆਪਣੇ ਸੰਸਦੀ ਹਲਕੇ ਵਿੱਚ ਕਾਫੀ ਕੰਮ ਕਰ ਰਹੇ ਹਨ ਪਰ ਬਗੈਰ ਰੌਲਾ ਰੱਪਾ ਪਾਏ।

ਉਨ੍ਹਾਂ ਕਿਹਾ ਕਿ ਮੇਰਾ ਕੰਮ ਆਪਣੀ ਤੂਤੀ ਵਜਾਉਣਾ ਨਹੀਂ ਸਗੋਂ ਕੰਮ ਕਰਨਾ ਹੈ, ਉਹ ਮੈਂ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉੱਥੇ ਜਾ ਕੇ ਲੋਕਾਂ ਨਾਲ ਤਸਵੀਰਾਂ ਖਿਚਵਾਉਣਾ ਮੇਰਾ ਕੰਮ ਨਹੀਂ। ਮੈਂ ਮਸ਼ਹੂਰੀ ਚਾਹੁਣ ਵਾਲਾ ਇਨਸਾਨ ਨਹੀਂ ਹਾਂ।

ਦਿਓਲ ਨੇ ਕਿਹਾ ਕਿ ਉਹ ਸਿਆਸਤ ਵਿੱਚ ਕਿਸੇ ਉਦੇਸ਼ ਨਾਲ ਆਏ ਹਨ ਤੇ ਉਹ ਆਪਣੀ ਸਮਰੱਥਾ ਮੁਤਾਬਕ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਬਾਰੇ ਬਹੁਤ ਕੁਝ ਬੋਲਣਗੇ, ਖ਼ਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਪਰ ਉਹ ਆਪਣੀ ਜ਼ਿੰਦਗੀ ਉਨ੍ਹਾਂ ਦੇ ਕਹੇ ਮੁਤਾਬਕ ਨਹੀਂ ਬਦਲ ਸਕਦੇ।