ਗੁਰਦਾਸਪੁਰ: ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਬਰਕਰਾਰ ਹੈ। ਇਸ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੇ ਉਦਘਾਟਨ ਬਾਰੇ ਸ਼ੁੱਕਰਵਾਰ ਨੂੰ ਦੋਵਾਂ ਦੇਸ਼ਾਂ ਦੇ ਅਫਸਰਾਂ ਵੱਲੋਂ ਜ਼ੀਰੋ ਪੁਆਇੰਟ 'ਤੇ ਤਕਨੀਕੀ ਬੈਠਕ ਕੀਤੀ ਗਈ।


ਸੂਤਰਾਂ ਨੇ ਦੱਸਿਆ ਕਿ ਬੈਠਕ ਵਿੱਚ ਹਰ ਪਾਸਿਓਂ 15 ਅਧਿਕਾਰੀਆਂ ਦੇ ਸਮੂਹ ਸ਼ਾਮਲ ਹਨ। ਕਰਤਾਰਪੁਰ ਜ਼ੀਰੋ ਪੁਆਇੰਟ ਉਹ ਥਾਂ ਹੈ, ਜਿੱਥੇ ਭਾਰਤ ਤੇ ਪਾਕਿਸਤਾਨ ਵਾਲੇ ਪਾਸਿਓਂ ਕੌਰੀਡੋਰ ਮਿਲਦਾ ਹੈ। ਇਹ ਲਾਂਘਾ ਪਾਕਿਸਤਾਨ ਸਥਿਤ ਕਰਤਾਰਪੁਰ ਦੇ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਅਸਥਾਨ ਨਾਲ ਜੋੜ ਦੇਵੇਗਾ।


ਇਹ ਲਾਂਘਾ ਭਾਰਤੀ ਸਿੱਖ ਸ਼ਰਧਾਲੂਆਂ ਦੀ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਦੇਵੇਗਾ। ਇਸ ਲਈ ਸਿਰਫ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਰਮਿਟ ਪ੍ਰਾਪਤ ਕਰਨਾ ਪਵੇਗਾ, ਜੋ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਵੱਲੋਂ 1522 ਵਿਚ ਸਥਾਪਤ ਕੀਤਾ ਗਿਆ ਸੀ। 

ਇਹ ਪਹਿਲੀ ਬੈਠਕ ਹੈ ਜੋ ਭਾਰਤ ਵੱਲੋਂ 5 ਅਗਸਤ ਨੂੰ ਸੰਵਿਧਾਨ ਦੀ ਧਾਰਾ 370 ਰੱਦ ਕਰਨ ਤੋਂ ਬਾਅਦ ਕੀਤੀ ਗਈ। ਪਾਕਿਸਤਾਨ ਤੇ ਭਾਰਤ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਲਾਹੌਰ ਤੋਂ ਲਗਪਗ 125 ਕਿਲੋਮੀਟਰ ਦੂਰ ਨਾਰੋਵਾਲ ਵਿੱਚ ਲਾਂਘਾ ਖੋਲ੍ਹਣ ਸਬੰਧੀ ਰੂਪ-ਰੇਖਾਵਾਂ 'ਤੇ ਵਿਚਾਰ ਵਟਾਂਦਰੇ ਕਰ ਰਹੇ ਹਨ।

ਪਿਛਲੇ ਕੁਝ ਮਹੀਨਿਆਂ ਦੌਰਾਨ ਕਰਤਾਰਪੁਰ ਲਾਂਘੇ 'ਤੇ ਕਈ ਮੀਟਿੰਗਾਂ ਕੀਤੀਆਂ, ਜਿਸ 'ਚ ਦੋਵਾਂ ਪਾਸਿਆਂ ਦੇ ਮਾਹਿਰਾਂ ਨੇ ਪ੍ਰਸਤਾਵਿਤ ਕ੍ਰਾਸਿੰਗ ਪੁਆਇੰਟਾਂ ਦੇ ਅਨੁਕੂਲਣ, ਨਿਰਦੇਸ਼ਾਂ ਤੇ ਹੋਰ ਇੰਜਨੀਅਰਿੰਗ ਪਹਿਲੂਆਂ' 'ਤੇ ਵਿਚਾਰ ਵਟਾਂਦਰੇ ਕੀਤੇ।


ਇਹ ਲਾਂਘਾ ਵੀ 1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵੀਜ਼ਾ ਮੁਕਤ ਲਾਂਘਾ ਹੋਵੇਗਾ।