ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਵਿੱਚ 9 ਦਿਨ ਪਹਿਲਾਂ ਪਿੰਡ ਥਰਿਆਲ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਸੀ ਜਿਸ ਵਿੱਚ ਲੁਟੇਰਿਆਂ ਨੇ ਇੱਕ ਹੀ ਪਰਿਵਾਰ ਦੇ ਸਾਰੇ ਜੀਆਂ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ।ਲੁਟੇਰੇ ਘਰ ਦੇ ਵਿੱਚ ਪਈ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ।ਇਹ ਪਰੀਵਾਰ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦਾ ਹੈ।ਹੁਣ ਇਸ ਵਾਰਦਾਤ ਤੋਂ ਬਾਅਦ ਰੈਨਾ ਦੇ ਪਰਿਵਾਰ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਅਤੇ ਕਾਤਲਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।
ਦਰਅਸਲ, ਪਿੰਡ ਥਰਿਆਲ ਵਿਚ ਰਾਤ ਦੇ ਕਰੀਬ 2 ਵਜੇ ਪਰਿਵਾਰ ਤੇ ਪੰਜ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ।ਇਸ ਹਮਲੇ ਦੇ ਵਿੱਚ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ ਸੀ। ਪਰਿਵਾਰ ਦੇ ਸਾਰੇ ਮੈਂਬਰ ਹੁਣ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ।ਪਰਿਵਾਰਕ ਮੈਂਬਰਾਂ ਦੀ ਅਪੀਲ ਹੈ ਕਿ ਜ਼ਖਮੀ ਮੈਂਬਰਾਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਘਟਨਾ ਤੋਂ ਬਾਅਦ ਐਸ ਐਸ ਪੀ ਪਠਾਨਕੋਟ ਨੇ ਖੁਦ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਇਸ ਦੀ ਜਾੰਚ ਲਈ ਐਸ ਆਈ ਟੀ ਬਣਾ ਦਿਤੀ ਹੈ।ਇਲਾਕੇ ਵਿਚ ਅਜਿਹੀ ਖੋਫਨਾਕ ਘਟਨਾ ਹੋਣ ਤੋਂ ਬਾਅਦ ਪੁਲਿਸ ਨੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਠੀਕਰੀ ਪੈਰਾ ਵੀ ਲਾਉਣਾ ਸ਼ੁਰੂ ਕਰ ਦਿੱਤਾ ਹੈ।ਘਟਨਾ ਦੇ 9 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਅਜੇ ਖਾਲੀ ਹਨ।ਲੁਟ ਦੀ ਵਾਰਦਾਤ ਹੋਰ ਨਾ ਵਾਪਰੇ ਇਸ ਲਈ ਠੀਕਰੀ ਪਹਿਰੇ ਲਾਉਣ ਨਾਲ ਸ਼ਾਇਦ ਇਹ ਘਟਨਾਵਾਂ ਘੱਟ ਜਾਣ।