Swaran Salaria: ਪੰਜਾਬ ਦੀ ਲੋਕ ਸਭਾ ਸੀਟ ਗੁਰਦਾਸਪੁਰ ਭਾਜਪਾ ਲਈ ਸਿਰ ਦਰਦ ਬਣ ਸਕਦੀ ਹੈ ਅਤੇ ਇੱਥੇ ਐਲਾਨੇ ਉਮੀਦਵਾਰ ਦਿਨੇਸ਼ ਬੱਬੂ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ 'ਚ ਵੱਧ ਸਕਦੀਆਂ ਹਨ। ਕਿਉਂਕਿ ਇਸ ਸੀਟ 'ਤੇ ਦਾਅਵੇਦਾਰੀਆਂ ਹੋਣ ਲੱਗੀਆਂ ਹਨ। ਹਲਾਂਕਿ ਭਾਜਪਾ ਨੇ ਇੱਕੇ ਸਾਬਕਾ ਵਿਧਾਇਕ ਦਿਨੇਸ਼ ਬੱਬੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਪਰ ਹੁਣ ਵਿਨੋਦ ਖੰਨਾ ਦੀ ਪਤਨੀ ਤੋਂ ਬਾਅਦ ਕਾਰੋਬਾਰੀ ਸਵਰਨ ਸਲਾਰੀਆ ਨੇ ਵੀ ਦਾਅਵੇਦਾਰੀ ਪੇਸ਼ ਕੀਤੀ ਹੈ।


ਸਵਰਨ ਸਲਾਰੀਆ ਨੇ ਸਾਲ 2017 ਦੀ ਗੁਰਦਾਸਪੁਰ ਜ਼ਿਮਨੀ ਚੋਣ ਲੜੀ ਸੀ ਪਰ ਉਦੋਂ ਸੁਨੀਲ ਜਾਖੜ ਤੋਂ ਹਾਰ ਗਏ ਸਨ। ਹੁਣ ਸਲਾਰੀਆ ਨੇ ਕਿਹਾ ਕਿ  ਇਸ ਵਾਰ ਵੀ ਚੋਣ ਲੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਭਾਜਪਾ ਨੇ ਬੱਬੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਕਿਸ ਪਾਰਟੀ ਤੋਂ ਚੋਣ ਲੜਨਗੇ, ਇਹ 7 ਦਿਨਾਂ 'ਚ ਸਾਹਮਣੇ ਆ ਜਾਵੇਗਾ।


ਸਵਰਨ ਸਲਾਰੀਆ ਤੋਂ ਪਹਿਲਾਂ ਅਦਾਕਾਰ ਤੇ ਸਾਬਕਾ ਐਮਪੀ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਸਾਹਮਣੇ ਆ ਸੀ। ਕਵਿਤਾ ਖੰਨਾ ਨੇ ਕਿਹਾ ਸੀ ਕਿ ਸਰੇਅ ਦੇ ਮੁਤਾਬਕ ਗੁਰਦਾਸਪੁਰ ਦੇ 80 ਫੀਸਦ ਲੋਕ ਚਾਹੁੰਦੇ ਹਨ ਕਿ ਉਹ ਚੋਣ ਮੈਦਾਨ ਵਿੱਚ ਆਉਣ।


ਕਵਿਤਾ ਖੰਨਾ ਨੇ ਕਿਹਾ ਕਿ ਹਾਲੇ ਮੈਂ ਸਾਫ਼ ਨਹੀਂ ਕੀਤਾ ਕਿ ਕਿਸੇ ਪਾਰਟੀ ਨਾਲ ਮਿਲ ਕੇ ਗੁਰਦਾਪੁਰ ਤੋਂ ਚੋਣ ਲੜੀ ਹੈ ਜਾਂ ਆਜ਼ਾਦ ਖੜ੍ਹੇ ਹੋ ਕੇ ਮੈਦਾਨ 'ਚ ਨਿਤਰਨਾ ਹੈ ਪਰ ਸਾਫ਼ ਹੈ ਇਸ ਵਾਰ ਦੀਆਂ ਚੋਣਾਂ ਉਹ ਜ਼ਰੂਰ ਲੜਨਗੇ। ਉਹਨਾਂ ਨੇ ਕਿਹਾ ਕਿ  ਵਿਨੋਦ ਖੰਨਾ ਨੇ ਆਪਣੇ ਆਖਰੀ ਪਲਾਂ ਤੱਕ ਗੁਰਦਾਸਪੁਰ ਲਈ ਚਿੰਤਾ ਪ੍ਰਗਟਾਈ। ਉਹ ਖੁਦ ਵੀ ਪਿਛਲੇ 36 ਸਾਲਾਂ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਇੱਥੇ ਉਨ੍ਹਾਂ ਵੱਲੋਂ ਕਵਿਤਾ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੰਮ ਕਰ ਰਹੀ ਹੈ।


ਕਵਿਤਾ ਖੰਨਾ ਦਾ ਕਹਿਣਾ ਹੈ ਕਿ ਧਰਮ ਸਮਾਜ ਸੇਵਾ ਦਾ ਵੀ ਸੱਦਾ ਦਿੰਦਾ ਹੈ, ਪਰ ਇਸ ਲਈ ਸਭ ਤੋਂ ਢੁੱਕਵਾਂ ਮੰਚ ਰਾਜਨੀਤੀ ਹੈ। ਉਹ ਇੱਥੇ ਵਿਨੋਦ ਖੰਨਾ ਦੀ ਤਰਜ਼ 'ਤੇ ਕੰਮ ਕਰਨਾ ਚਾਹੁੰਦੀ ਹੈ, ਚਾਹੇ ਆਜ਼ਾਦ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ।