ਬਰਨਾਲਾ: ਅਸਲੀ ਦੁੱਧ ਵੇਚਣਾ ਲਾਹੇਵੰਦ ਨਾ ਰਹਿਣ ਕਾਰਨ ਸ਼ੁਰੂ ਕੀਤਾ ਨਕਲੀ ਦੁੱਧ ਬਣਾਉਣ ਦਾ ਧੰਦਾ ਬੇਨਕਾਬ ਹੋਇਆ ਹੈ। ਇਸ ਮਾਮਲੇ ਵਿੱਚ ਪੁਲਿਸ ਤੇ ਸਿਹਤ ਵਿਭਾਗ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ ਧੌਲਾ ਪਿੰਡ ਵਿੱਚ ਛਾਪੇਮਾਰੀ ਕਰਦਿਆਂ 150 ਕਿੱਲੋ ਨਕਲੀ ਦੁੱਧ ਵੀ ਜ਼ਬਤ ਕੀਤਾ ਹੈ। ਸੀ.ਆਈ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਧੌਲਾ ਤੋਂ 150 ਕਿੱਲੋ ਨਕਲੀ ਦੁੱਧ ਤੇ ਨਕਲੀ ਦੁੱਧ ਬਣਾਉਣ ਦਾ ਸਾਮਾਨ ਵੀ ਜ਼ਬਤ ਕੀਤਾ ਹੈ। ਇਸ ਵਿੱਚ ਆਰ.ਐਸ. ਨਾਂ ਦਾ ਕੈਮੀਕਲ, ਰੀਫਾਇੰਡ ਤੇਲ, ਗਲੂਕੋਜ਼ ਪਾਊਡਰ ਆਦਿ ਬਰਾਮਦ ਕੀਤਾ ਹੈ।
ਮੁਲਜ਼ਮ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦੋ ਸਾਲਾਂ ਤੋਂ ਨਕਲੀ ਦੁੱਧ ਬਣਾਉਂਦਾ ਆ ਰਿਹਾ ਸੀ। ਇਸ ਦੁੱਧ ਨੂੰ ਉਹ ਬਰਨਾਲਾ ਤੇ ਧਨੌਲਾ ਦੇ ਦੁੱਧ ਵਿਕਰੀ ਕੇਂਦਰਾਂ 'ਤੇ ਵੇਚਦਾ ਸੀ। ਮੁਲਜ਼ਮ ਮੁਤਾਬਕ ਉਸ ਦਾ ਅਸਲੀ ਦੁੱਧ ਵੇਚਣ ਦਾ ਧੰਦਾ ਚੌਪਟ ਹੋ ਗਿਆ ਸੀ। ਇਸ ਲਈ ਉਸ ਨੇ ਨਕਲੀ ਦੁੱਧ ਬਣਾਉਣਾ ਸ਼ੁਰੂ ਕਰ ਦਿੱਤਾ। ਪਰਮਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਕੰਮ 'ਤੇ ਪਛਤਾਵਾ ਹੈ ਤੇ ਉਹ ਅੱਗੇ ਤੋਂ ਇਹ ਕੰਮ ਨਹੀਂ ਕਰੇਗਾ। ਪੁਲਿਸ ਨੇ ਉਸ ਵਿਰੁੱਧ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।