ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਖੜ੍ਹੀ ਹੋਣ ਵਾਲੀ ਹੈ। ਬੇਸ਼ੱਕ ਇਸ ਵੇਲੇ ਵੱਡੀ ਗਿਣਤੀ ਅਕਾਲੀ ਦਲ ਉਨ੍ਹਾਂ ਦੇ ਨਾਲ ਖੜ੍ਹੇ ਹਨ ਪਰ ਪਾਰਟੀ ਤੋਂ ਬਾਗੀ ਹੋਏ ਟਕਸਾਲੀ ਲੀਡਰਾਂ ਦੀਆਂ ਸਰਗਰਮੀਆਂ ਸੁਖਬੀਰ ਬਾਦਲ ਦੇ ਫਿਕਰ ਵਧਾਉਣ ਵਾਲੀਆਂ ਹਨ। ਢੀਂਡਸਾ ਪਰਿਵਾਰ ਦੀ ਬਗਾਵਤ ਤੇ ਦੂਜੇ ਅਕਾਲੀ ਦਲਾਂ ਦੇ ਲੀਡਰਾਂ ਦਾ ਇੱਕ ਮੰਚ 'ਤੇ ਆਉਣਾ, ਸੰਕੇਤ ਦਿੰਦੇ ਹਨ ਕਿ ਪੰਜਾਬ ਦਾ ਸਿਆਸੀ ਦ੍ਰਿਸ਼ ਬਦਲ ਸਕਦਾ ਹੈ।
ਅਹਿਮ ਗੱਲ ਹੈ ਕਿ ਟਕਸਾਲੀ ਲੀਡਰਾਂ ਨੇ ਬਗਾਵਤ ਬਾਦਲ ਪਰਿਵਾਰ ਤੇ ਖਾਸਕਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਕੀਤੀ ਹੈ। ਇਸ ਲਈ ਉਹ ਅਜੇ ਵੀ ਆਪਣੇ-ਆਪ ਨੂੰ ਅਕਾਲੀ ਮੰਨਦੇ ਹਨ ਤੇ 1920 ਵਿੱਚ ਸਥਾਪਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਹਮਲਾ ਮਾਰ ਰਹੇ ਹਨ। ਜੇਕਰ ਸਾਰੇ ਅਕਾਲੀ ਧੜੇ ਇੱਕਜੁਟ ਹੋ ਜਾਂਦੇ ਹਨ ਤਾਂ ਬਾਦਲ ਪਰਿਵਾਰ ਇਕੱਲਾ ਰਹਿ ਸਕਦਾ ਹੈ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ 1920 ਵਿੱਚ ਸਥਾਪਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਮੁਹਿੰਮ ਵਿੱਢ ਦਿੱਤੀ ਹੈ। ਪਤਾ ਲੱਗਾ ਹੈ ਕਿ ਹੁਣ ਜਲਦੀ ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼ ਤੇ ਨਾਰਾਜ਼ ਅਕਾਲੀਆਂ ਨੂੰ ਇੱਕ ਮੰਚ ’ਤੇ ਲਿਆਉਣ ਲਈ ਯਤਨ ਸ਼ੁਰੂ ਹੋਣਗੇ। ਇਸ ਤਹਿਤ ਜਲਦੀ ਵੱਖ-ਵੱਖ ਅਕਾਲੀ ਦਲਾਂ ਦੇ ਲੀਡਰਾਂ ਦੀ ਮੀਟਿੰਗ ਸੱਦੀ ਜਾਵੇਗੀ। ਇਸ ਵਿੱਚ ਮੁੱਢਲੇ ਪੜਾਅ ’ਤੇ ਤਾਲਮੇਲ ਕਮੇਟੀ ਬਣਾਉਣ ਦੀ ਸੰਭਾਵਨਾ ਹੈ।
ਯਾਦ ਰਹੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਦਸੰਬਰ ਮਹੀਨੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ। ਇਸ ਮੌਕੇ ਅਕਾਲੀ ਦਲ (ਟਕਸਾਲੀ) ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ ਤੋਂ ਇਲਾਵਾ ਹੋਰ ਅਕਾਲੀ ਦਲਾਂ ਦੇ ਲੀਡਰ ਇਕ ਮੰਚ ’ਤੇ ਪੁੱਜੇ ਸਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਲ ਹੋਏ ਸਨ।
ਇਨ੍ਹਾਂ ਤੋਂ ਇਲਾਵਾ ਅਕਾਲੀ ਦਲ 1920 ਦੇ ਰਵੀਇੰਦਰ ਸਿੰਘ, ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਵੱਖ ਵੱਖ ਫੈਡਰੇਸ਼ਨ ਧੜਿਆਂ ਦੇ ਲੀਡਰ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਇਕ ਮੰਚ ’ਤੇ ਇਕੱਠੇ ਹੁੰਦਿਆਂ ਹੋਰ ਨਿਰਾਸ਼ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਵੀ ਇੱਕ ਮੰਚ ’ਤੇ ਇਕੱਠੇ ਹੋਣ ਤੇ ਪੁਰਾਤਨ ਅਕਾਲੀ ਦਲ ਦੀ ਸੁਰਜੀਤੀ ਦਾ ਹੋਕਾ ਦਿੱਤਾ ਸੀ।
ਦੱਸ ਦਈਏ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਸਿੱਖਾਂ ਵਿੱਚ ਬਾਦਲ ਪਰਿਵਾਰ ਖਿਲਾਫ ਹੀ ਰੋਸ ਹੈ। ਜੇਕਰ ਟਕਸਾਲੀ ਲੀਡਰ ਸਿੱਖਾਂ ਲਈ ਵੱਖਰਾ ਮੰਚ ਉਸਾਰਦੇ ਹਨ ਤਾਂ ਬਾਦਲ ਧੜੇ ਦਾ ਕਮਜ਼ੋਰ ਹੋਣ ਲਾਜ਼ਮੀ ਹੈ। ਅਜਿਹੇ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਮਿਲ ਸਕਦੀ ਹੈ।
ਸੁਖਬੀਰ ਬਾਦਲ ਲਈ ਨਵੀਂ ਚੁਣੌਤੀ, ਕੁਰਸੀ ਦੇ ਹਿੱਲ਼ਣ ਲੱਗੇ ਪਾਵੇ!
ਏਬੀਪੀ ਸਾਂਝਾ
Updated at:
08 Jan 2020 05:00 PM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਖੜ੍ਹੀ ਹੋਣ ਵਾਲੀ ਹੈ। ਬੇਸ਼ੱਕ ਇਸ ਵੇਲੇ ਵੱਡੀ ਗਿਣਤੀ ਅਕਾਲੀ ਦਲ ਉਨ੍ਹਾਂ ਦੇ ਨਾਲ ਖੜ੍ਹੇ ਹਨ ਪਰ ਪਾਰਟੀ ਤੋਂ ਬਾਗੀ ਹੋਏ ਟਕਸਾਲੀ ਲੀਡਰਾਂ ਦੀਆਂ ਸਰਗਰਮੀਆਂ ਸੁਖਬੀਰ ਬਾਦਲ ਦੇ ਫਿਕਰ ਵਧਾਉਣ ਵਾਲੀਆਂ ਹਨ। ਢੀਂਡਸਾ ਪਰਿਵਾਰ ਦੀ ਬਗਾਵਤ ਤੇ ਦੂਜੇ ਅਕਾਲੀ ਦਲਾਂ ਦੇ ਲੀਡਰਾਂ ਦਾ ਇੱਕ ਮੰਚ 'ਤੇ ਆਉਣਾ, ਸੰਕੇਤ ਦਿੰਦੇ ਹਨ ਕਿ ਪੰਜਾਬ ਦਾ ਸਿਆਸੀ ਦ੍ਰਿਸ਼ ਬਦਲ ਸਕਦਾ ਹੈ।
- - - - - - - - - Advertisement - - - - - - - - -