ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਬਾਗੀਆਂ ਵੱਲੋਂ ਬਣਾਏ ਗਏ ਪੰਜਾਬ ਡੈਮੋਕ੍ਰੇਟਿਕ ਫਰੰਟ ਨਾਲ ਹੱਥ ਮਿਲਾਉਣ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਤਿਆਰ ਹੈ। ਨਵੇਂ ਬਣੇ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਪਾਲ ਖਹਿਰਾ ਵੱਲੋਂ ਫਰੰਟ ਵਿੱਚ ਸ਼ਾਮਲ ਹੋਣ ਦੇ ਸੱਦੇ 'ਤੇ ਹਾਂ ਪੱਖੀ ਹੁੰਗਾਰਾ ਭਰਿਆ ਹੈ। ਉਨ੍ਹਾਂ ਕਿਹਾ ਕਿ ਹਮਖਿਆਲੀ ਪਾਰਟੀਆਂ ਨਾਲ ਉਨ੍ਹਾਂ ਦਾ ਗੱਠਜੋੜ ਹੋ ਸਕਦਾ ਹੈ। ਉਹ ਬੈਠ ਕੇ ਇਸ ਮੁੱਦੇ 'ਤੇ ਚਰਚਾ ਕਰ ਸਕਦੇ ਹਨ। ਸੰਭਵ ਹੋਇਆ ਤਾਂ ਇਹ ਫਰੰਟ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਵੀ ਲੜ ਸਕਦਾ ਹੈ।
ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਬ੍ਰਹਮਪੁਰਾ ਨੇ ਇਹ ਵੀ ਆਖਿਆ ਕਿ ਉਨ੍ਹਾਂ ਦੀ ਸੁਖਪਾਲ ਖਹਿਰਾ ਨਾਲ ਮੀਟਿੰਗ ਹੋਈ ਸੀ। ਉਸ ਵੇਲੇ ਟਕਸਾਲੀ ਅਕਾਲੀ ਦਲ ਦਾ ਗਠਨ ਨਹੀਂ ਹੋਇਆ ਸੀ। ਸੁਖਪਾਲ ਖਹਿਰਾ ਨਾਲ ਉਨ੍ਹਾਂ ਦੀ ਪੰਜਾਬ ਦੇ ਭਵਿੱਖ ਸਬੰਧੀ ਵਿਚਾਰ ਚਰਚਾ ਜ਼ਰੂਰ ਹੋਈ ਸੀ। ਬ੍ਰਹਮਪੁਰਾ ਨੇ ਇੱਕ ਹੋਰ ਨਵੀਂ ਗੱਲ ਜੋੜਦਿਆਂ ਕਿਹਾ ਕਿ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਉਨ੍ਹਾਂ ਨੂੰ ਸੁਖਦੇਵ ਸਿੰਘ ਢੀਂਡਸਾ ਵੀ ਮਿਲੇ ਸਨ। ਢੀਂਡਸਾ ਨੇ ਉਨ੍ਹਾਂ ਨੂੰ ਇਹ ਆਖਿਆ ਸੀ ਕਿ ਉਹ ਉਨ੍ਹਾਂ ਦੇ ਨਾਲ ਹਨ।
ਬ੍ਰਹਮਪੁਰਾ ਨੇ ਇੱਕ ਹੋਰ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਡੈਮੋਕ੍ਰੇਟਿਕ ਫਰੰਟ ਨਾਲ ਗਠਜੋੜ ਤਾਂ ਕਰ ਸਕਦੀ ਹੈ ਪਰ ਇਹ ਕਿਸੇ ਹੋਰ ਫਰੰਟ ਵਿੱਚ ਸ਼ਾਮਲ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਦੀ ਪਾਰਟੀ ਸੌ ਸਾਲ ਪੁਰਾਣੀ ਹੈ ਤੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਬ੍ਰਹਮਪੁਰਾ ਨੇ ਨਾਲ ਹੀ ਆਖਿਆ ਕਿ ਉਨ੍ਹਾਂ ਦੀ ਅਕਾਲੀ ਦਲ ਨਾਲ ਗੱਲ ਪੱਕੇ ਤੌਰ 'ਤੇ ਖ਼ਤਮ ਹੋ ਚੁੱਕੀ ਹੈ। ਹੁਣ ਉਨ੍ਹਾਂ ਨਾਲ ਕੋਈ ਸੁਲ੍ਹਾ ਸਫ਼ਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਨੂੰ ਮਨਾਉਣ ਦੀ ਕੋਈ ਗੁੰਜਾਇਸ਼ ਹੈ। ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਹਾਲੇ ਨਵੀਂ ਹੈ ਤੇ ਕਿੰਨਾ ਸੀਟਾਂ 'ਤੇ ਚੋਣ ਲੜਨੀ ਹੈ, ਇਸ 'ਤੇ ਕਿਸੇ ਵੀ ਕਿਸਮ ਦੀ ਚਰਚਾ ਹਾਲੇ ਨਹੀਂ ਹੋਈ।