ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਪਹਿਲੀ ਰੈਲੀ ਕਰਕੇ ਮਿਸ਼ਨ ਲੋਕ ਸਭਾ 2019 ਦਾ ਆਗਾਜ਼ ਕੀਤਾ ਜਾਏਗਾ। ਮੋਦੀ 3 ਜਨਵਰੀ ਨੂੰ ਗੁਰਦਾਸਪੁਰ 'ਚ ਰੈਲੀ ਕਰਨਗੇ। ਇਸ ਰੈਲੀ ਵਿੱਚ ਬੀਜੇਪੀ ਦੇ ਨਾਲ ਹੀ ਭਾਈਵਾਲ ਅਕਾਲੀ ਦਲ ਵੀ ਸ਼ਿਰਕਤ ਕਰੇਗਾ। ਇਹ ਜਾਣਕਾਰੀ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਦਿੱਤੀ ਹੈ।

ਇਸ ਮੌਕੇ ਮੋਦੀ ਡੇਰਾ ਬਾਬਾ ਨਾਨਕ ਦਾ ਦੌਰਾ ਵੀ ਕਰ ਸਕਦੇ ਹਨ ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਚਰਚਾ ਹੈ ਕਿ ਬੀਜੇਪੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕ੍ਰੈਡਿਟ ਕਾਰਡ ਖੇਡ ਕੇ ਸਿੱਖ ਵੋਟਰਾਂ ਨੂੰ ਖਿੱਚਣ ਦੇ ਰੌਂਅ ਵਿੱਚ ਹੈ। ਇਸ ਲਈ ਮੋਦੀ ਪੰਜਾਬ ਤੋਂ ਹੀ ਲੋਕ ਸਭਾ 2019 ਦਾ ਬਿਗੁਲ ਵਜਾਉਣਗੇ।

ਯਾਦ ਰਹੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਪਾਕਿ 'ਚ ਪੀਐਮ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਗਏ ਤਾਂ ਪਾਕਿ ਫੌਜ ਮੁਖੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਛਿੜੀ ਸੀ। ਪਾਕਿ ਫੌਜ ਮੁਖੀ ਬਾਜਵਾ ਨਾਲ ਸਿੱਧੂ ਵੱਲੋਂ ਪਾਈ ਜੱਫੀ 'ਤੇ ਭਾਰਤ 'ਚ ਖੂਬ ਵਿਵਾਦ ਹੋਇਆ।

ਇਸ ਮਗਰੋਂ ਪਾਕਿਸਤਾਨ ਸਰਕਾਰ ਨੇ 28 ਨਵੰਬਰ ਨੂੰ ਲਾਂਘੇ ਦੀ ਉਸਾਰੀ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਤੁਰੰਤ ਮਗਰੋਂ ਮੋਦੀ ਦੀ ਕੈਬਨਿਟ 'ਚ 26 ਨਵੰਬਰ ਨੂੰ ਭਾਰਤ ਵਾਲੇ ਪਾਸਿਓਂ ਉਸਾਰੀ ਕਰਨ ਦਾ ਫੈਸਲਾ ਲਿਆ ਗਿਆ। ਉਧਰ 28 ਨਵੰਬਰ ਨੂੰ ਪਾਕਿ ਪੀਐਮ ਇਮਰਾਨ ਖਾਨ ਨੇ ਜਿੱਤ ਦਾ ਸਿਹਰਾ ਨਵਜੋਤ ਸਿੱਧੂ ਦੇ ਸਿਰ ਬੰਨ੍ਹਿਆ ਤਾਂ ਫਿਰ ਕ੍ਰੈਡਿਟ ਜੰਗ ਸ਼ੁਰੂ ਹੋ ਗਈ।