ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ। ਹੁਣ ਵੇਖਿਓ ਸੁਖਬੀਰ ਦਾ ਤੱਪੜ ਕਿਵੇਂ ਰੁਲਦਾ! ਉਨ੍ਹਾਂ ਨੇ ਬਾਦਲ ਪਰਿਵਾਰ 'ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ 'ਚ ਪੱਕੀ ਤਾਨਾਸ਼ਾਹੀ ਆ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੇਹੱਦ ਬੇਸਮਝ ਹਨ।

ਟਕਸਾਲੀ ਲੀਡਰ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਨੂੰ ਸਿਆਸਤ ਅਜੇ ਵੀ ਨਹੀਂ ਆਉਂਦੀ। ਹੋਰ ਤਾਂ ਹੋਰ ਸੁਖਬੀਰ ਨੂੰ ਅਕਲ ਹੀ ਨਹੀਂ ਕਿ ਗੱਲ ਕਿਵੇਂ ਕਰਨੀ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਅਕਾਲੀ ਦਲ ਦੇ ਪ੍ਰਧਾਨ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨਹੀਂ ਲੱਗੇ ਸੀ ਪਰ ਹੁਣ ਸਭ ਤੋਂ ਵੱਧ ਨਿਘਾਰ ਆ ਗਿਆ ਹੈ। ਸੁਖਬੀਰ ਹੁਣੀਂ ਜਦੋਂ ਦੇ ਆਏ ਬੱਸ ਖਾ ਲਿਆ, ਲੁੱਟ ਲਿਆ', ਇਹ ਚੱਲ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਕਾਲੀ ਦਲ 'ਚੋਂ ਨਿਕਲ ਜਾਵੇ ਤਾਂ ਫੇਰ ਪਾਰਟੀ ਨਾਲ ਇਕੱਠੇ ਹੋ ਸਕਦੇ ਹਨ।

ਇਸ ਦੇ ਨਾਲ ਹੀ ਬ੍ਰਹਮਪੁਰਾ ਨੇ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਕਿ ਲੋਕ ਸਭਾ 'ਚ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਵੋਟ ਕੀਤੀ ਸੀ। ਜੇ ਹਰਸਿਮਰਤ ਨੂੰ ਬੀਜੇਪੀ ਕੱਢ ਦੇਵੇ ਤਾਂ ਅਕਾਲੀ ਗੱਠਜੋੜ ਤੋੜ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਬੀਜੇਪੀ ਨਾਲ ਲੜਾਈ ਨਾਗਰਿਕਤਾ ਕਾਨੂੰਨ ਕਰਕੇ ਨਹੀਂ ਸਗੋਂ ਸੀਟਾਂ ਦਾ ਝਗੜਾ ਸੀ। ਅਕਾਲੀ ਦਲ 8 ਸੀਟਾਂ ਮੰਗਦਾ ਸੀ ਪਰ ਬੀਜੇਪੀ ਇੱਕ ਦਿੰਦੀ ਸੀ। ਅਕਾਲੀ ਹੁਣ ਕਹਾਣੀਆਂ ਬਣਾ ਰਹੇ ਹਨ। ਉਨ੍ਹਾਂ ਨੂੰ ਵੋਟ ਕਰਨ ਲੱਗੇ ਪਤਾ ਨਹੀਂ ਲੱਗਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੁਣ ਨਹੀਂ ਚੱਲਣਾ। ਪੰਜਾਬ 'ਚ ਬੀਜੇਪੀ ਕਿਸੇ ਹੋਰ ਪਾਰਟੀ ਨਾਲ ਗੰਢਤੁੱਪ ਕਰੇਗੀ। ਬੀਜੇਪੀ ਪੰਜਾਬ 'ਚ ਇਕੱਲੇ ਚੋਣ ਨਹੀਂ ਲੜ ਸਕਦੀ। ਗੱਠਜੋੜ ਦੀ ਕਸਰ ਅਕਾਲੀ ਦਲ-ਬੀਜੇਪੀ ਨੇ ਦਿੱਲੀ 'ਚ ਕੱਢ ਦਿੱਤੀ। ਇਸ ਲਈ ਪੰਜਾਬ ਵਿੱਚ ਵੀ ਇਹ ਨਹੀਂ ਚੱਲ਼ਣਾ।