ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੀਡਰਾਂ ਨੇ ਅੱਜ ਬਠਿੰਡਾ ਪਹੁੰਚੇ। ਇਸ ਦੌਰਾਨ ਟਕਸਾਲੀ ਲੀਡਰਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤੋਂ ਹਮਾਇਤ ਮੰਗੀ। ਇਸ ਮੌਕੇ ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਤੇ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਹਾਜ਼ਰ ਸਨ।

ਬ੍ਰਹਮਪੁਰਾ ਨੇ ਕਿਹਾ ਕਿ ਉਹ ਨੰਦਗੜ੍ਹ ਦਾ ਆਸ਼ੀਰਵਾਦ ਲੈਣ ਲਈ ਬਠਿੰਡਾ ਆਏ ਹਨ ਤੇ ਜਲਦ ਹੀ ਗਠਜੋੜ ਬਣਾ ਕੇ ਚੋਣਾਂ ਲੜਨਗੇ। ਉਨ੍ਹਾਂ ਨੇ ਕਿਹਾ ਕਿ ਉਹ ਵਿਧਾਨ ਸਭਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਲੋਕ ਸਭਾ ਚੋਣਾਂ ਵੀ ਲੜ ਸਕਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਣ ਦੇ ਇਲਜ਼ਾਮ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਆ ਕੇ ਉਨ੍ਹਾਂ ਦਾ ਸਾਹਮਣਾ ਕਰਨ ਤਾਂ ਪਤਾ ਚੱਲ ਜਾਏਗਾ ਕਿ ਕੈਪਟਨ ਨਾਲ ਕੌਣ ਮਿਲਿਆ ਹੋਇਆ ਹੈ।

ਸੁਖਬੀਰ ਬਾਦਲ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਪਿਤਾ ਹਨ। ਇਸੇ ਦੌਰਾਨ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਸਲ ਵਿੱਚ ਕੈਪਟਨ ਤੇ ਬਾਦਲ ਮਿਲੇ ਹੋਏ ਹਨ। ਇਸੇ ਲਈ ਤਾਂ ਲੰਬੀ ਵਿੱਚ ਕੈਪਟਨ ਨੂੰ ਬਾਦਲਾਂ ਖ਼ਿਲਾਫ਼ ਉਤਾਰਿਆ ਗਿਆ ਸੀ।