ਬਟਾਲਾ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣ 'ਤੇ ਸਿਆਸਤ ਗਰਮਾ ਗਈ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਸੇਵਾ ਸਿੰਘ ਸੇਖਵਾਂ ਨੇ ਸਫ਼ਾਈ ਦਿੱਤੀ ਕਿ ਉਹ ਸੁਖਪਾਲ ਖਹਿਰਾ ਨੂੰ ਨਹੀਂ, ਬਲਕਿ ਬੀਬੀ ਖਾਲੜਾ ਨੂੰ ਸਮਰਥਨ ਦੇ ਰਹੇ ਹਨ ਕਿਉਂਕਿ ਬੀਬੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਕੌਮ ਲਈ ਵੱਡੀ ਕੁਰਬਾਨੀ ਦਿੱਤੀ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਕੋਰ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਫੈਸਲਾ ਲਵੇਗੀ ਕਿ ਪੰਜਾਬ ਦੀਆਂ ਬਾਕੀ ਸੀਟਾਂ ਉੱਤੇ ਕਿਸ ਉਮੀਦਵਾਰ ਤੇ ਕਿਸ ਪਾਰਟੀ ਦਾ ਸਮਰਥਨ ਕਰਨਾ ਹੈ।


ਦਰਅਸਲ ਸੇਵਾ ਸਿੰਘ ਸੇਖਵਾਂ ਬਟਾਲਾ ਵਿੱਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਭ ਪੰਥਕ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਬੀਬੀ ਖਾਲੜਾ ਦੀ ਜਿੱਤ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੇਖਵਾਂ ਨੇ ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਉੱਤੇ ਵੀ ਨਿਸ਼ਾਨਾ ਸਾਧਿਆ। ਇਸ ਬਾਰੇ ਉਨ੍ਹਾਂ ਕਿਹਾ ਕਿ ਬਰਾੜ ਨੇ ਕਈ ਪਾਰਟੀਆਂ ਬਦਲੀਆਂ ਤੇ ਹੁਣ ਉਸੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਦੇ ਲੀਡਰਾਂ ਨੂੰ ਆਪਣੇ ਪਿਤਾ ਦਾ ਕਾਤਲ ਦੱਸਦੇ ਰਹੇ ਹਨ।

ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਐਲਾਨੀ ਗਈ ਉਮੀਦਵਾਰ ਬੀਬੀ ਜਾਗੀਰ ਕੌਰ ਡੇਰੇ ਦੀ ਸਾਧਵੀ ਤੇ ਕੁੜੀਮਾਰ ਹੈ। ਪੰਥਕ ਸਿਧਾਂਤਾਂ ਮੁਤਾਬਕ ਕੋਈ ਵੀ ਸਿੱਖ ਕੁੜੀਮਾਰ ਨਾਲ ਰਿਸ਼ਤਾ ਨਹੀਂ ਰੱਖਦਾ ਪਰ ਅਕਾਲੀ ਦਲ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰ ਰਿਹਾ ਹੈ। ਇਸ ਅਕਾਲੀ ਦਲ ਬਾਦਲ ਦੀ ਪੰਥਕ ਸੋਚ ਬਾਰੇ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਵੀ ਆਪਣਾ ਉਮੀਦਵਾਰ ਪਿੱਛੇ ਕਰ ਕੇ ਬੀਬੀ ਖਾਲੜਾ ਦਾ ਸਮਰਥਨ ਕਰਨਾ ਚਾਹੀਦਾ ਹੈ।