2,00,00,000 ਪੰਜਾਬੀਆਂ ਦਾ ਆਧਾਰ ਕਾਰਡ ਡੇਟਾ ਦੱਖਣ ਭਾਰਤੀ ਸੂਬਿਆਂ 'ਚ ਕਿਵੇਂ ਪਹੁੰਚਿਆ?, ਪੜਤਾਲ ਸ਼ੁਰੂ
ਏਬੀਪੀ ਸਾਂਝਾ | 19 Apr 2019 02:15 PM (IST)
ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ 7.82 ਕਰੋੜ ਦੇ ਨਾਲ ਨਾਲ ਦੋ ਕਰੋੜ ਤੋਂ ਵੱਧ ਪੰਜਾਬੀਆਂ ਦਾ ਡੇਟਾ ਵੀ ਸ਼ਾਮਲ ਹੈ।
ਹੈਦਰਾਬਾਦ: ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 10 ਕਰੋੜ ਆਧਾਰ ਡੇਟਾ ਬਰਾਮਦ ਹੋਣ ਦੇ ਮਾਮਲੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ 7.82 ਕਰੋੜ ਦੇ ਨਾਲ ਨਾਲ ਦੋ ਕਰੋੜ ਤੋਂ ਵੱਧ ਪੰਜਾਬੀਆਂ ਦਾ ਡੇਟਾ ਵੀ ਸ਼ਾਮਲ ਹੈ। ਪੁਲਿਸ ਨੂੰ ਖ਼ਦਸ਼ਾ ਹੈ ਕਿ ਇਹ ਡੇਟਾ ਲੀਕ ਵੋਟਰਾਂ ਨਾਲ ਜੁੜਿਆ ਹੋ ਸਕਦਾ ਹੈ। ਇਹ ਆਧਾਰ ਡੇਟਾ ਆਈਟੀ ਗਰਿੱਡ (ਇੰਡੀਆ) ਦੀਆਂ ਕੰਪਿਊਟਰ ਹਾਰਡ ਡਿਸਕ ਵਿੱਚੋਂ ਮਿਲਿਆ ਹੈ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਕੰਪਨੀ ਦੇ ਸੀਈਓ ਵੱਲੋਂ ਪੁੱਛਗਿੱਛ ਕੀਤੇ ਜਾਣ ਮਗਰੋਂ ਹੀ ਇਸ ਡੇਟਾ ਬਾਰੇ ਪਤਾ ਲੱਗ ਸਕਦਾ ਹੈ। ਹਾਲਾਂਕਿ, ਲੋਕਾਂ ਦਾ ਡੇਟਾ ਕੰਪਿਊਟਰ ਵਿੱਚ ਸਾਂਭੇ ਜਾਣ ਦੇ ਖੁਲਾਸੇ ਮਗਰੋਂ ਆਧਾਰ ਦੀ ਦੇਖਰੇਖ ਕਰਦੀ ਅਥਾਰਿਟੀ (ਯੂਆਈਡੀਏਆਈ) 'ਤੇ ਸਵਾਲ ਖੜ੍ਹੇ ਹੁੰਦੇ ਹਨ। ਯੂਆਈਡੀਏਆਈ ਦਾ ਤਕ ਹੈ ਕਿ ਇਹ ਸਿਰਫ ਲੋਕਾਂ ਦੇ ਆਧਾਰ ਨੰਬਰ ਦਾ ਕਿਸੇ ਹੋਰ ਕੋਲ ਮੌਜੂਦ ਹੋਣ ਦਾ ਮਾਮਲਾ ਹੈ ਅਤੇ ਇਹ ਲੋਕਾਂ ਲਈ ਨੁਕਸਾਨਦਾਇਕ ਨਹੀਂ। ਇਸ ਦਾ ਕਾਰਨ ਹੈ ਕਿ ਆਧਾਰ ਆਧਾਰਤ ਸੇਵਾਵਾਂ ਇੱਕ ਮੁਸ਼ਤ ਪਾਸਵਰਡ (ਓਟੀਪੀ) ਤੇ ਸਰੀਰਕ ਪਛਾਣ (ਬਾਇਓਮੈਟ੍ਰਿਕਸ) ਨਾਲ ਕੰਮ ਕਰਦੀਆਂ ਹਨ। ਤੇਲੰਗਾਨਾ ਪੁਲਿਸ ਨੇ 60 ਹਾਰਡ ਡਿਸਕ, ਪੈਨ ਡ੍ਰਾਈਵ, ਮੈਮੋਰੀ ਕਾਰਡ ਆਦਿ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ 40 ਹਾਰਡ ਡ੍ਰਾਈਵ ਦੀ ਜਾਂਚ ਹੀ ਕੀਤੀ ਹੈ। ਇਸ ਮਾਮਲੇ ਵਿੱਚ ਹੋਰ ਖੁਲਾਸੇ ਸੰਭਵ ਹਨ।