ਨਾਂਦੇੜ: ਤਖ਼ਤ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਦੇ ਪ੍ਰਧਾਨ ਵਜੋਂ ਬੀਜੇਪੀ ਦੇ ਵਿਧਾਇਕ ਤਾਰਾ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਤਾਰਾ ਸਿੰਘ ਦੇ ਅਸਤੀਫ਼ਾ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਹਜ਼ੂਰ ਸਾਹਿਬ 'ਚ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਬਾਅਦ ਵਧ ਰਹੇ ਅਸੰਤੁਸ਼ਟੀ ਕਾਰਨ ਉਨ੍ਹਾਂ ਨੂੰ ਇਸ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ। ਤਾਰਾ ਸਿੰਘ ਵਿਰੁੱਧ ਸਥਾਨਕ ਸਿੱਖਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਮਹਾਰਾਸ਼ਟਰ ਸਰਕਾਰ ਨੇ ਇਹ ਕਦਮ ਚੁੱਕਿਆ ਹੋ ਸਕਦਾ ਹੈ।

ਦਰਅਸਲ, ਗੁਰਦੁਆਰਾ ਬੋਰਡ ਕਾਨੂੰਨ 1956 ਨੂੰ ਦੋ ਵਾਰ ਸੋਧਣ ਕਰਕੇ ਹਜ਼ੂਰ ਸਾਹਿਬ ਦੇ ਸਿੱਖ ਤਾਰਾ ਸਿੰਘ ਤੋਂ ਖ਼ਫਾ ਹੋ ਗਏ ਸਨ। ਤਾਰਾ ਸਿੰਘ ਦਾ ਹਿੰਦੂ ਧਰਮ ਦੀਆਂ ਕਈ ਰਸਮਾਂ ਦਾ ਪਾਲਣ ਕਰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ ਸੀ। ਬੋਰਡ ਦੇ ਪ੍ਰਧਾਨ ਵਜੋਂ ਨਿਯੁਕਤੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਾਂ ਜਥੇਬੰਦੀਆਂ ਵੱਲੋਂ ਤਾਰਾ ਦਾ ਕਾਫੀ ਵਿਰੋਧ ਕੀਤਾ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਫੜਨਵੀਸ ਨੇ ਤਾਰਾ ਸਿੰਘ ਨੂੰ ਤਲਬ ਕੀਤਾ ਸੀ ਅਤੇ ਮੁਲਾਕਾਤ 'ਚ ਵਿਚਾਰ ਚਰਚਾ ਦੌਰਾਨ ਫੜਨਵੀਸ ਨੇ ਉਨ੍ਹਾਂ ਨੂੰ ਆਪਣੀ ਪ੍ਰਧਾਨਗੀ ਤੋਂ ਫਾਰਗ ਹੋਣ ਦੀ ਸਲਾਹ ਦਿੱਤੀ ਸੀ। ਸ਼ੁੱਕਰਵਾਰ ਦੁਪਹਿਰ ਕਰੀਬ 12.30 ਵਜੇ ਤਾਰਾ ਸਿੰਘ ਨੇ ਆਪਣਾ ਲਿਖਤੀ ਅਸਤੀਫ਼ਾ ਫੜਨਵੀਸ ਨੂੰ ਸੌਂਪ ਦਿੱਤਾ।



ਇਹ ਅੰਦਾਜ਼ੇ ਵੀ ਲਗਾਏ ਜਾ ਰਹੇ ਹਨ ਕਿ ਦਸੰਬਰ ਮਹੀਨੇ 'ਚ ਗੁਰਦੁਆਰਾ ਬੋਰਡ ਦੇ ਤਿੰਨ ਮੈਂਬਰਾਂ ਦੀ ਚੋਣ ਕਰਵਾਉਣ ਦੀ ਪ੍ਰਕਿਰਿਆ ਸਰਕਾਰ ਪੱਧਰ 'ਤੇ ਜਾਰੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਗਿਆ ਹੈ। ਚਰਚਾ ਹੈ ਕਿ ਗੁਰਦੁਆਰਾ ਬੋਰਡ ਦੇ ਕੁਝ ਸਹਿਕਾਰੀ ਮੈਂਬਰਾਂ ਨੇ ਉਨ੍ਹਾਂ ਖ਼ਿਲਾਫ਼ ਗੰਭੀਰ ਦੋਸ਼ ਲਗਾ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਤਾਰਾ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਅੱਗੇ ਤੋਂ ਵੀ ਉਹ ਗੁਰੂ ਘਰ ਦੀ ਸੇਵਾ ਤੋਂ ਪਿੱਛੇ ਨਹੀਂ ਹਟਣਗੇ। ਹਾਲਾਂਕਿ, ਉਨ੍ਹਾਂ ਅਸਤੀਫ਼ੇ ਦਾ ਕਾਰਨ ਨਹੀਂ ਦੱਸਿਆ। ਤਾਰਾ ਸਿੰਘ ਤਿੰਨ ਸਾਲ ਸੱਤ ਮਹੀਨੇ ਤਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ।