Punjab News: ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੁਰੀ ਦੇ ਕਤਲ ਤੋਂ ਬਾਅਦ ਇੱਕ ਵਾਰ ਮੁੜ ਤੋਂ ਟਾਰਗਿਟ ਕਿਲਿੰਗ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਕਿਉਂਕਿ ਕਿ ਦਿਨ ਦਿਹਾੜੇ ਹੋਏ ਇਸ ਹਿੰਦੂ ਆਗੂ ਕਤਲ ਦੇ ਸਬੰਧ ਪਾਕਿਸਤਾਨ ਨਾਲ ਜੋੜੇ ਜਾ ਰਹੇ ਹਨ। ਇਸ ਤੋਂ ਕਈ ਸਾਲ ਪਹਿਲਾਂ ਵੀ ਪੰਜਾਬ ਵਿੱਚ ਹਿੰਦੂ ਆਗੂਆਂ ਨੂੰ ਟਾਰਗਿਟ ਕੀਤਾ ਗਿਆ ਸੀ।


ਕੇਂਦਰੀ ਏਜੰਸੀਆਂ ਦੇ ਸੂਤਰਾਂ ਮੁਤਾਬਕ, ਪੰਜਾਬ ਵਿੱਚ ਕਈ ਹਿੰਦੂ ਲੀਡਰ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਨਿਸ਼ਾਨੇ ਉੱਤੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਰਐਸਐਸ ਆਗੂਆਂ ਨੂੰ ਪਾਕਿਸਤਾਨ ਦੀ ਸ਼ੈਅ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕੀਤਾ ਜਾਵੇ ਤੇ ਆਪਸੀ ਭਾਈਚਾਰੇ ਵਿੱਚ ਫਿੱਕ ਪਾਈ ਜਾਵੇ।


ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ ਪੰਜਾਬ ਵਿੱਚ ਕੁਝ ਦਿਨ ਪਹਿਲਾਂ ਫੜ੍ਹੇ ਗਏ ਗੈਂਗਸਟਰਾਂ ਨੇ ਵੀ ਹਿੰਦੂ ਆਗੂਆਂ ਨੂੰ ਟਾਰਗਿਟ ਕਰਨ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਸੁਰੱਖਿਆ ਵੀ ਵਧਾਈ ਗਈ ਸੀ। ਪਰ ਇਸ ਤੋਂ ਬਾਅਦ ਵੀ ਸੁਧੀਰ ਸੂਰੀ ਦਾ ਕਤਲ ਹੋਣਾ ਵੱਡੇ ਸਵਾਲ ਖੜ੍ਹਾ ਕਰਦਾ ਹੈ।


ਕਦੋਂ ਕਦੋਂ ਹੋਏ ਕਤਲ


ਅਪ੍ਰੈਲ 2016: ਪ੍ਰਮੁੱਖ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ (88) ਨੂੰ ਲੁਧਿਆਣਾ ਨੇੜੇ ਭੈਣੀ ਸਾਹਿਬ ਵਿਖੇ ਸੰਪਰਦਾ ਦੇ ਹੈੱਡਕੁਆਰਟਰ ਦੇ ਬਾਹਰ ਮਾਰਿਆ ਗਿਆ। ਸੀਬੀਆਈ ਨੇ ਜਾਂਚ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।


6 ਅਗਸਤ 2016: ਪੰਜਾਬ ਵਿੱਚ ਆਰਐਸਐਸ ਦੇ ਮੁਖੀ ਬ੍ਰਿਗੇਡੀਅਰ ਜਗਦੀਸ਼ ਗਗਨੇਜਾ (ਸੇਵਾਮੁਕਤ) ਦੀ ਜਲੰਧਰ ਦੇ ਬਾਜ਼ਾਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।


14 ਜਨਵਰੀ, 2017: ਸ਼੍ਰੀ ਹਿੰਦੂ ਤਖ਼ਤ ਦੇ ਪ੍ਰਚਾਰ ਪ੍ਰਬੰਧਕ ਅਮਿਤ ਸ਼ਰਮਾ ਦੀ ਲੁਧਿਆਣਾ ਵਿੱਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।


ਫਰਵਰੀ 2017: ਖੰਨਾ ਵਿੱਚ ਦੋ ਹਮਲਾਵਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪਿਓ-ਪੁੱਤ ਸਤਪਾਲ ਅਤੇ ਰਮੇਸ਼ ਦਾ ਕਤਲ ਕਰ ਦਿੱਤਾ ਗਿਆ।


RSS ਨੇਤਾ ਰਵਿੰਦਰ ਗੋਸਾਈਂ ਦੀ 17 ਅਕਤੂਬਰ 2017 ਨੂੰ ਬਾਈਕ ਸਵਾਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


23 ਅਪ੍ਰੈਲ 2017 ਨੂੰ ਖੰਨਾ ਦੇ ਲਲਹੇੜੀ ਰੋਡ ਚੌਂਕ ਵਿਖੇ ਸ਼ਿਵ ਸੈਨਾ ਪੰਜਾਬ ਦੇ ਖੰਨਾ ਹਲਕਾ ਪ੍ਰਧਾਨ ਦੁਰਗਾ ਗੁਪਤਾ ਦੀ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


30 ਅਕਤੂਬਰ 2017 ਨੂੰ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਸ਼ਰਮਾ ਦੀ ਅੰਮ੍ਰਿਤਸਰ, ਪੰਜਾਬ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਵਿਪਨ 'ਤੇ ਕਰੀਬ 15 ਗੋਲੀਆਂ ਚਲਾਈਆਂ ਗਈਆਂ।