ਤਰਨ ਤਾਰਨ: ਪਿੰਡ ਪੰਡੋਰੀ ਗੋਲਾ ਵਿੱਚ ਖ਼ਾਲੀ ਪਏ ਪਲਾਟ ਵਿੱਚ ਧਮਾਕਾ ਹੋਇਆ ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਧਮਾਕੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨਾਲ ਦੇ ਕਈ ਪਿੰਡਾਂ ਵਿੱਚ ਇਸ ਦੀ ਆਵਾਜ਼ ਸੁਣਾਈ ਦਿੱਤੀ।

ਮ੍ਰਿਤਕਾਂ ਦੀ ਪਛਾਣ ਹੈਪੀ ਸਿੰਘ ਤੇ ਵਿੱਕੀ ਵਜੋਂ ਹੋਈ ਹੈ, ਦੋਵਾਂ ਦੀ ਉਮਰ 22 ਤੋਂ 25 ਸਾਲ ਵਿੱਚ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਤਰਨ ਤਾਰਨ ਦੇ ਐਸਐਸਪੀ ਨੇ ਇਸ ਬਾਰੇ ਦੱਸਿਆ ਕਿ ਧਮਾਕੇ ਦੀ ਜਾਂਚ ਕਰਨ ਲਈ ਫੌਰੈਂਸਿਕ ਟੀਮ ਬੁਲਾਈ ਗਈ ਹੈ। ਉਨ੍ਹਾਂ ਦੋ ਜਣਿਆਂ ਦੀ ਮੌਤ ਤੇ ਇੱਕ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ।

ਧਮਾਕੇ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਸਾਰੇ ਲੋਕ ਕੰਮੀਂ-ਕਾਰੀਂ ਗਏ ਸੀ। ਉਨ੍ਹਾਂ ਕਿਹਾ ਕਿ ਇਹ ਵਿਸਫੋਟਕ ਧਮਾਕਾ ਹੈ, ਇਸ ਖ਼ਾਲੀ ਪਲਾਟ ਵਿੱਚ ਇਹ ਸਾਮਾਨ ਕਿੱਥੋਂ ਆਇਆ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਦੱਸ ਦੇਈਏ ਬੀਤੇ ਦਿਨ ਬਟਾਲਾ ਵਿੱਚ ਵੀ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਜਿਸ ਵਿੱਚ 23 ਮੌਤਾਂ ਹੋਈਆਂ ਹਨ।