ਤਰਨਤਾਰਨ: ਪਿੰਡ ਪੰਡੋਰੀ ਗੋਲਾ ਵਿਖੇ ਬੀਤੇ ਦਿਨ ਹੋਏ ਬੰਬ ਧਮਾਕੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀ ਗਤੀਵਿਧੀਆਂ ਜੋੜ ਦਿੱਤਾ ਹੈ। ਧਮਾਕੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਤੇ ਇੱਕ ਦੇ ਜ਼ਖਮੀ ਹੋਣ ਨਾਲ ਇਲਾਕੇ ਅੰਦਰ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਟਨਾ ਵਿੱਚ ਪਿੰਡ ਬੱਚੜੇ ਦੇ ਨੌਜਵਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਇਸੇ ਪਿੰਡ ਦਾ ਗੁਰਜੰਟ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ। ਪਿੰਡ ਕੱਦਗਿੱਲ ਦੇ ਨੌਜਵਾਨ ਬਿਕਰਮਜੀਤ ਸਿੰਘ ਦੀ ਵੀ ਇਸ ਘਟਨਾ ਵਿੱਚ ਮੌਤ ਹੋ ਗਈ।


ਮ੍ਰਿਤਕ ਹਰਪ੍ਰੀਤ ਸਿੰਘ ਦੇ ਪਿਤਾ ਕੁਲਬੀਰ ਸਿੰਘ ਮੁਤਾਬਕ ਉਨ੍ਹਾਂ ਦਾ ਪੁੱਤਰ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਘਰੋਂ ਦੁੱਧ ਲੈਣ ਗਿਆ ਸੀ ਪਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਹੈ। ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਬੰਬ ਧਮਾਕੇ ਦੌਰਾਨ ਮੌਤ ਹੋ ਗਈ ਹੈ। ਉਨਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਅੱਤਵਾਦੀ ਨਾਲ ਸਬੰਧ ਨਹੀਂ ਸੀ ਰੱਖਦਾ, ਸਗੋਂ ਉਹ ਮਿਹਨਤ ਮਜ਼ਦੂਰੀ ਕਰਦਾ ਸੀ।


ਇਸੇ ਤਰਾਂ ਬਿਕਰਮਜੀਤ ਸਿੰਘ ਦੀ ਮਾਤਾ ਨੂੰ ਉਨ੍ਹਾਂ ਦੇ ਪੁੱਤਰ ਦੇ ਐਕਸੀਡੈਂਟ ਬਾਰੇ ਹੀ ਦੱਸਿਆ ਗਿਆ ਪਰ ਬਾਅਦ ਵਿੱਚ ਉਨ੍ਹਾਂ ਨੂੰ ਬੰਬ ਧਮਾਕੇ ਬਾਰੇ ਪਤਾ ਲੱਗਾ। ਉਨ੍ਹਾਂ ਵੀ ਇਹੀ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਗ਼ਲਤ ਅਨਸਰਾਂ ਨਾਲ ਕੋਈ ਸਬੰਧ ਨਹੀਂ ਸੀ। ਬਿਕਰਮਜੀਤ ਸਿੰਘ ਦੇ ਭਰਾ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਕਰਦਾ ਸੀ। ਉਹ ਤਾਂ ਸਵੇਰੇ ਘਰੋਂ ਮਿਸਤਰੀ ਦੇ ਕੰਮ ’ਤੇ ਚਲਾ ਜਾਂਦਾ ਸੀ।


ਉੱਧਰ ਜ਼ਖਮੀ ਗੁਰਜੰਟ ਸਿੰਘ ਦੇ ਘਰ ਨੂੰ ਤਾਲਾ ਲੱਗ ਗਿਆ ਹੈ। ਪਿੰਡ ਵਾਲਿਆਂ ਮੁਤਾਬਕ ਉਹ ਤੇ ਉਸ ਦੀ ਮਾਂ ਘਰ ਵਿੱਚ ਰਹਿੰਦੇ ਸੀ। ਉਸ ਦੀ ਮਾਂ ਨੂੰ ਰਾਤ ਹੀ ਪੁਲਿਸ ਵਾਲੇ ਲੈ ਗਏ ਪਰ ਕੈਮਰੇ ਸਾਹਮਣੇ ਕੋਈ ਬੋਲਣ ਨੂੰ ਤਿਆਰ ਨਹੀਂ ਹੋਇਆ। ਘਟਨਾ ਸਥਾਨ 'ਤੇ ਡਿਉਟੀ ਦੇ ਰਹੇ ਏਐਸਆਈ ਦਲਵਿੰਦਰ ਸਿੰਘ ਮੁਤਾਬਕ ਇਸ ਧਮਾਕੇ ਵਿੱਚ ਦੋ ਨੌਜਵਾਨਾ ਦੀ ਮੌਤ ਹੋਈ ਤੇ ਇੱਕ ਨੋਜਵਾਨ ਗੰਭੀਰ ਜਖਮੀ ਹੋਇਆ ਹੈ।