ਤਰਨ ਤਾਰਨ: ਪਿੰਡ ਨੌਸ਼ਹਿਰਾ ਢਾਲਾ ਵਾਸੀ ਹਰਸੰਦੀਪ ਸਿੰਘ ਨੂੰ ਲਵ ਮੈਰਿਜ ਕਰਨੀ ਬੇਹੱਦ ਮਹਿੰਗੀ ਪੈ ਗਈ। ਉਸ ਦੀ ਪ੍ਰੇਮਿਕਾ ਦੇ ਪਰਿਵਾਰ ਨੇ ਅੱਧੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਹਰਸੰਦੀਪ ਸਿੰਘ ਦੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨਦੀਪ ਸਿੰਘ ਤੇ ਭੈਣ ਪ੍ਰਭਜੀਤ ਕੌਰ ਨੂੰ ਬੇਰਹਿਮੀ ਨਾਲ ਵੱਢ-ਵੱਢ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਘਟਨਾ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਤਲ ਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਿੰਨਾਂ ਦਾ ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਪਛਾਣ ਕਰਨੀ ਵੀ ਮੁਸ਼ਕਲ ਹੈ। ਇਸ ਤੀਹਰੇ ਕਤਲ ਕਾਂਡ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲਗਪਗ ਦੋ ਮਹੀਨੇ ਪਹਿਲਾਂ ਹਰਸੰਦੀਪ ਦੀ ਪਿੰਡ ਦੀ ਹੀ ਕੁੜੀ ਨਾਲ ਕੋਰਟ ਮੈਰਿਜ ਹੋਈ ਸੀ। ਲੜਕੀ ਦੇ ਮਾਪੇ ਇਸ ਵਿਆਹ ਲਈ ਰਾਜ਼ੀ ਨਹੀਂ ਸੀ। ਇਸੇ ਕਰਕੇ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਬਾਰੇ ਡੀਐਸਪੀ ਸਿਟੀ ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਲੜਕੀ ਦੇ ਪਿਤਾ ਤੇ ਭਰਾ ਨੇ ਨਿੱਜੀ ਰੰਜ਼ਿਸ਼ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪਰਿਵਾਰ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ।