ਚੰਡੀਗੜ੍ਹ: ਕੁਝ ਦਿਨ ਮੌਸਮ ਖੁਸ਼ਕ ਰਹਿਣ ਮਗਰੋਂ ਹੁਣ ਫਿਰ ਮੀਂਹ ਵਰ੍ਹੇਗਾ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਤਿੰਨ ਦਿਨਾਂ 31 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਕਈ ਇਲਾਕਿਆਂ ਵਿੱਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਯਾਦ ਰਹੇ ਜੁਲਾਈ ਦੇ ਦੂਜੇ ਹਫਤੇ ਬਾਰਸ਼ ਤੋਂ ਬਾਅਦ ਪੰਜਾਬ ਵਿੱਚ ਮੁੜ ਪਾਰਾ ਚੜ੍ਹ ਗਿਆ ਹੈ। ਗਰਮੀ ਤੇ ਹੁੰਮਸ ਨਾਲ ਲੋਕ ਕਾਫੀ ਪ੍ਰੇਸ਼ਾਨ ਹਨ। ਮੌਸਮ ਵਿਭਾਗ ਮੁਤਾਬਕ ਮੁੜ ਦਬਾਅ ਬਣਨ ਕਰਕੇ 31 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਬਾਰਸ਼ ਹੋਣ ਦਾ ਅਨੁਮਾਨ ਹੈ। ਉਂਝ ਇਹ ਬਾਰਸ਼ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਸਮੇਂ ਹੋ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਤੇ ਪਟਿਆਲਾ ਵਿੱਚ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਅੰਬਾਲਾ ਵਿੱਚ 36.3 ਡਿਗਰੀ ਤੇ ਹਿਸਾਰ ਵਿੱਚ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।