ਫਗਵਾੜਾ: 28 ਸਾਲਾਂ ਦਾ ਕੋਮਲਜੋਤ ਸਿੰਘ ਪੈਸਾ ਕਮਾਉਣ ਤੇ ਘਰ ਦੀ ਤੰਗੀ ਦੂਰ ਕਰਨ ਲਈ ਦਸੰਬਰ 2018 ਵਿੱਚ ਇਰਾਕ ਗਿਆ ਸੀ ਪਰ ਉੱਥੇ ਉਸ ਨੂੰ ਅਪਰਾਧੀਆਂ ਵਾਂਗੂੰ ਲੁਕ-ਲੁਕ ਕੇ ਰਹਿਣਾ ਪਿਆ। ਨਾ ਉਸ ਨੂੰ ਨੌਕਰੀ ਮਿਲੀ ਤੇ ਨਾ ਹੀ ਰਹਿਣ ਲਈ ਟਿਕਾਣਾ। ਮੁਹੱਲਾ ਕੌਲਸਰ ਦਾ ਰਹਿਣ ਵਾਲਾ ਕੋਮਲਜੋਤ ਸਿੰਘ ਛੇ ਹੋਰ ਨੌਜਵਾਨਾਂ ਨਾਲ ਦਰ-ਦਰ ਦੀਆਂ ਠੋਕਰਾਂ ਖਾਣ ਬਾਅਦ ਵੱਡੀ ਮੁਸ਼ਕਲ ਬਾਅਦ ਵਾਪਸ ਮੁੜਿਆ ਹੈ। ਉਹ ਘਰ ਤਾਂ ਮੁੜ ਆਇਆ ਹੈ ਪਰ ਹੁਣ ਘਰ ਚਲਾਉਣ ਤੇ ਵਿਦੇਸ਼ ਜਾਣ ਲਈ ਲੋਕਾਂ ਤੋਂ ਲਿਆ ਕਰਜ਼ਾ ਲਾਹੁਣ ਦਾ ਫ਼ਿਕਰ ਸਤਾ ਰਿਹਾ ਹੈ।

ਇਰਾਕ ਤੋਂ ਵਾਪਸ ਆਏ ਬਾਕੀ ਨੌਜਵਾਨਾਂ ਨੇ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਇਰਾਕ ਜਾਂਦਿਆਂ ਹੀ ਉਨ੍ਹਾਂ ਨੂੰ ਨੌਕਰੀ ਮਿਲ ਜਾਏਗੀ ਤੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੰਪਨੀ ਵੱਲੋਂ ਕੀਤਾ ਜਾਏਗਾ ਪਰ ਉੱਥੇ ਜਾਣ ਬਾਅਦ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਨੂੰ ਕਈ ਦਿਨਾਂ ਬਾਅਦ ਕੰਮ ਦਿੱਤਾ ਗਿਆ, ਪਰ ਨਾ ਖਾਣਾ ਤੇ ਨਾ ਰਹਿਣ ਲਈ ਤਾਂ ਮਿਲੀ। ਪੰਜ ਦਿਨਾਂ ਤਕ ਉਹ ਬਗੈਰ ਖਾਧੇ-ਪੀਤੇ ਰਹੇ। ਇਸ ਪਿੱਛੋਂ ਅੰਮ੍ਰਿਤਸਰ ਦੇ ਪਹਿਲਵਾਨ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਖਾਣਾ ਖਵਾਇਆ ਤੇ ਰਹਿਣ ਲਈ ਟਿਕਾਣਾ ਦਿੱਤਾ। ਨਿੱਕੇ ਜਿਹੇ ਕਮਰੇ ਵਿੱਚ 22 ਜਣੇ ਰਹਿੰਦੇ ਸੀ। ਨਾ ਚੰਗੀ ਤਰ੍ਹਾਂ ਸੌਂ ਸਕਦੇ ਸੀ ਤੇ ਨਾ ਲੇਟ ਸਕਦੇ ਸੀ।

ਨੌਜਵਾਨ ਕੋਮਲਜੋਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤ ਨੂੰ ਕਮਾਈ ਕਰਨ ਲਈ ਇਰਾਕ ਭੇਜਿਆ ਸੀ ਪਰ ਇੰਝ ਨਹੀਂ ਹੋਇਆ। ਉਹ 8 ਮਹੀਨਿਆਂ ਤਕ ਇਰਾਕ ਦੇ ਇਰਬਿਲ ਵਿੱਚ ਲੁਕ-ਲੁਕ ਕੇ ਰਹਿਣ ਲਈ ਮਜਬੂਰ ਹੋ ਗਿਆ। ਹਰ ਦਿਨ ਉਸ ਨੂੰ 20 ਡਾਲਰਾਂ ਦੀ ਪੈਨਲਟੀ ਵੀ ਦੇਣੀ ਪੈ ਰਹੀ ਸੀ। ਕੁਝ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦੀਆਂ ਦੋ ਧੀਆਂ ਵੀ ਹਨ। ਉਸ ਦੇ ਘਰ ਮੁੜਨ 'ਤੇ ਮਾਪਿਆਂ ਉਸ ਦਾ ਮੱਥਾ ਚੁੰਮ ਕੇ ਸਵਾਗਤ ਕੀਤਾ।

ਇਰਾਕ ਤੋਂ ਆਏ ਨੌਜਵਾਨਾਂ ਵਿੱਚ ਜਲੰਧਰ ਦੇ ਪਿੰਡ ਛੋਕਰਾਂ ਦੇ ਬਲਜੀਤ ਕੁਮਾਰ, ਸੌਰਵ ਕੁਮਾਰ, ਰਣਦੀਪ, ਸੰਦੀਪ ਕੁਮਾਰ, ਆਟਾ ਦਾ ਅਮਨਦੀਪ ਕੁਮਾਰ, ਫਗਵਾੜਾ (ਕਪੂਰਥਲਾ) ਦਾ ਕੋਮਲਜੋਤ ਸਿੰਘ ਤੇ ਭੁਲੱਥ (ਕਪੂਰਥਲਾ) ਦਾ ਪ੍ਰਭਜੋਤ ਸਿੰਘ ਸ਼ਾਮਲ ਹਨ। ਕੋਮਲਜੀਤ ਸਮੇਤ ਹੋਰ ਨੌਜਵਾਨਾਂ ਨੂੰ ਵਾਪਸ ਲਿਆਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਭੂਮਿਕਾ ਰਹੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਮਾਮਲਾ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੇ ਧਿਆਨ ਵਿੱਚ ਲਿਆਂਦਾ। ਨੌਜਵਾਨਾਂ ਦੀ ਵਾਪਸੀ ਲਈ ਟਿਕਟਾਂ ਦਾ ਇੰਤਜ਼ਾਮ ਕੀਤਾ।