ਹੁਸ਼ਿਆਰਪੁਰ: ਸ਼ਹਿਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਸਰਕਾਰੀ ਅਫ਼ਸਰ ਬਣ ਕੇ ਵਿਅਕਤੀ ਨੇ ਛੇ ਨੌਜਵਾਨਾਂ ਨੂੰ ਸਿੱਖਿਆ ਵਿਭਾਗ ਵਿੱਚ ਨੌਕਰੀ ਦੇਣ ਦਾ ਝਾਂਸਾ ਦਿੱਤਾ ਤੇ ਉਨ੍ਹਾਂ ਕੋਲੋਂ ਲਗਪਗ 9 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਇਹੀ ਸ਼ਖ਼ਸ ਹੋਰ ਨੌਜਵਾਨਾਂ ਨੂੰ ਵੀ ਇਹੀ ਝਾਂਸਾ ਦੇ ਰਿਹਾ ਸੀ ਤੇ ਇਸ ਦੀ ਭਿਣਕ ਉਨ੍ਹਾਂ ਨੌਜਵਾਨਾਂ ਨੂੰ ਲੱਗ ਗਈ, ਜਿਨ੍ਹਾਂ ਨੂੰ ਉਹ ਪਹਿਲਾਂ ਹੀ ਝਾਂਸਾ ਦੇ ਚੁੱਕਿਆ ਸੀ। ਉਨ੍ਹਾਂ ਫਿਰ ਮੌਕੇ 'ਤੇ ਪਹੁੰਚ ਇਸ ਸਰਕਾਰੀ ਅਫ਼ਸਰ ਬਣੇ ਠੱਗ ਨੂੰ ਦਬੋਚ ਲਿਆ ਤੇ ਜੰਮ ਕੇ ਧੁਆਈ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਹ ਠੱਗ ਆਪਣੇ ਆਪ ਨੂੰ ਸਿੱਖਿਆ ਵਿਭਾਗ ਵਿੱਚ ਅਫ਼ਸਰ ਦੱਸਦਾ ਸੀ ਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਠੱਗ ਲੈਂਦਾ। ਇੰਨਾ ਹੀ ਨਹੀਂ, ਮੁਲਜ਼ਮ ਸ਼ਖ਼ਸ ਕਰੀਬ 6 ਨੌਜਵਾਨਾਂ ਨੂੰ ਬਕਾਇਦਾ ਨੌਕਰੀ 'ਤੇ ਆਪਣੇ ਨਾਲ ਵੀ ਰੱਖਦਾ ਤੇ ਹਾਜ਼ਰੀ ਵੀ ਲਗਾਉਂਦਾ ਪਰ ਤਨਖ਼ਾਹ ਦੇਣ ਵੇਲੇ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ।
ਨੌਜਵਾਨਾਂ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਉਸ ਨੇ ਸਾਰੇ ਰਜਿਸਟਰ ਸਾੜਨ ਲਈ ਕਿਹਾ ਤਾਂ ਨੌਜਵਾਨਾਂ ਨੇ ਭਿਣਕ ਰੱਖਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਇੱਕ ਹੋਰ ਨੌਜਵਾਨ ਨੂੰ ਇਹੀ ਝਾਂਸਾ ਦੇਣ ਲੱਗਾ ਤਾਂ ਅਚਾਨਕ ਸਾਰੇ ਨੌਜਵਾਨਾਂ ਨੂੰ ਪਤਾ ਲੱਗ ਗਿਆ। ਉਨ੍ਹਾਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਕੋਈ ਸਰਕਾਰੀ ਅਫ਼ਸਰ ਨਹੀਂ, ਬਲਕਿ ਇੱਕ ਠੱਗ ਹੈ ਜੋ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰ ਚੁੱਕਾ ਸੀ।
ਇਸ ਤੋਂ ਬਾਅਦ ਪਹਿਲਾਂ ਨੌਜਵਾਨਾਂ ਨੇ ਠੱਗ ਨੂੰ ਕੁਟਾਪਾ ਚਾੜਿਆ ਤੇ ਫਿਰ ਭਰੇ ਬਾਜ਼ਾਰ ਫੜ ਕੇ ਉਸ ਨੂੰ ਥਾਣੇ ਲੈ ਗਏ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਉਸ ਦੀ ਘਰ ਵਿੱਚ ਇੰਨੀ ਸੇਵਾ ਕੀਤੀ ਤੇ ਆਪਣੇ ਘਰ ਵਾਲਿਆਂ ਨੂੰ ਪਿੱਛੇ ਛੱਡ ਉਸ ਲਈ ਦਿਨ-ਰਾਤ ਇੱਕ ਕਰ ਦਿੱਤਾ, ਪਰ ਉਸ ਦੇ ਬਦਲੇ ਉਨ੍ਹਾਂ ਨਾਲ ਠੱਗੀ ਮਾਰੀ ਗਈ। ਇਹ ਠੱਗ ਆਪਣੇ ਆਪ ਨੂੰ ਕਪੂਰਥਲਾ ਨਿਵਾਸੀ ਦੱਸ ਰਿਹਾ ਹੈ।
ਨਕਲੀ ਅਫ਼ਸਰ ਬਣ ਕੇ 6 ਨੌਜਵਾਨਾਂ ਨੂੰ ਦਿੱਤਾ ਸਰਕਾਰੀ ਨੌਕਰੀ ਦਾ ਝਾਂਸਾ, ਠੱਗੇ 9 ਲੱਖ
ਏਬੀਪੀ ਸਾਂਝਾ
Updated at:
30 Jul 2019 10:25 AM (IST)
ਇੱਕ ਸਰਕਾਰੀ ਅਫ਼ਸਰ ਬਣ ਕੇ ਵਿਅਕਤੀ ਨੇ ਛੇ ਨੌਜਵਾਨਾਂ ਨੂੰ ਸਿੱਖਿਆ ਵਿਭਾਗ ਵਿੱਚ ਨੌਕਰੀ ਦੇਣ ਦਾ ਝਾਂਸਾ ਦਿੱਤਾ ਤੇ ਉਨ੍ਹਾਂ ਕੋਲੋਂ ਲਗਪਗ 9 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਇਹੀ ਸ਼ਖ਼ਸ ਹੋਰ ਨੌਜਵਾਨਾਂ ਨੂੰ ਵੀ ਇਹੀ ਝਾਂਸਾ ਦੇ ਰਿਹਾ ਸੀ ਤੇ ਇਸ ਦੀ ਭਿਣਕ ਉਨ੍ਹਾਂ ਨੌਜਵਾਨਾਂ ਨੂੰ ਲੱਗ ਗਈ।
- - - - - - - - - Advertisement - - - - - - - - -