Tarntaran Bomb Blast: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਤਰਨਤਾਰਨ ਹਮਲੇ ਦੇ ਮਾਸਟਰ ਮਾਈਂਡ ਬਿਕਰਮਜੀਤ ਸਿੰਘ ਨੂੰ ਆਸਟਰੀਆ ਤੋਂ ਹਵਾਲਗੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਬਿਕਰਮਜੀਤ ਸਿੰਘ, ਜਿਸ ਨੂੰ ਬਿੱਕਰ ਅਤੇ ਬਿੱਕਰ ਬਾਬਾ ਵਰਗੇ ਵੱਖ-ਵੱਖ ਉਪਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ, 'ਤੇ ਦੋਸ਼ ਹੈ ਕਿ ਉਸ ਨੇ ਪੰਜਾਬ ਵਿੱਚ ਅੱਤਵਾਦੀ ਹਮਲੇ ਕਰਨ ਲਈ ਆਪਣੇ ਨੇੜਲੇ ਸਾਥੀਆਂ ਨਾਲ ਮਿਲ ਕੇ ਇੱਕ ਅੱਤਵਾਦੀ ਨੈੱਟਵਰਕ ਬਣਾਇਆ ਸੀ।
ਐਨਆਈਏ ਨੇ ਕਿਹਾ, ਉਸ ਦੀ ਹਵਾਲਗੀ ਤੋਂ ਬਾਅਦ, ਬਿਕਰਮਜੀਤ ਸਿੰਘ ਨੂੰ ਲਿੰਜ, ਆਸਟਰੀਆ ਦੀ ਸਮਰੱਥ ਅਥਾਰਟੀ ਨੇ ਇੰਟਰਪੋਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਗ੍ਰਿਫਤਾਰ ਕੀਤਾ ਸੀ।
ਬਿਕਰਮਜੀਤ ਨੇ ਆਪਣੇ ਕਰੀਬੀ ਸਾਥੀਆਂ ਨਾਲ ਮਿਲ ਕੇ ਕਥਿਤ ਤੌਰ 'ਤੇ ਪੰਜਾਬ 'ਚ ਅੱਤਵਾਦੀ ਹਮਲੇ ਕਰਨ ਲਈ ਇੱਕ ਅੱਤਵਾਦੀ ਗਿਰੋਹ ਬਣਾਇਆ ਸੀ। ਉਹ 2019 ਵਿੱਚ ਉਸਦੇ ਖਿਲਾਫ ਦਰਜ ਐਨਆਈਏ ਕੇਸ ਵਿੱਚ ਭਗੌੜਾ ਸੀ। NIA ਨੇ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਇੱਕ ਟੀਮ ਆਸਟਰੀਆ ਭੇਜੀ ਸੀ।
ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ
NIA ਦੀ ਵਿਸ਼ੇਸ਼ ਅਦਾਲਤ, ਮੋਹਾਲੀ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਅਤੇ ਉਸ ਤੋਂ ਬਾਅਦ ਦੇ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਭਗੌੜੇ ਦੋਸ਼ੀ ਬਿਕਰਮਜੀਤ ਸਿੰਘ ਨੂੰ 22 ਮਾਰਚ, 2021 ਨੂੰ ਲਿੰਜ਼, ਆਸਟਰੀਆ ਤੋਂ ਹਿਰਾਸਤ 'ਚ ਲਿਆ ਗਿਆ ਸੀ। NIA ਨੇ ਇੱਕ ਬਿਆਨ ਵਿੱਚ ਕਿਹਾ, “ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਆਸਟਰੀਆ ਨੇ ਗ੍ਰਿਫਤਾਰ ਦੋਸ਼ੀ ਬਿਕਰਮਜੀਤ ਸਿੰਘ ਦੀ ਹਵਾਲਗੀ ਕਰ ਦਿੱਤੀ।
ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਬਿਕਰਮਜੀਤ ਸਿੰਘ ਨੇ ਨਾ ਸਿਰਫ਼ ਸਹਿ-ਮੁਲਜ਼ਮਾਂ ਅਤੇ ਹੋਰਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਉਕਸਾਇਆ ਸੀ ਸਗੋਂ ਉਸ ਨੇ ਆਈਈਡੀ ਬਣਾਉਣ ਅਤੇ ਵਰਤਣ ਦੀ ਸਿਖਲਾਈ ਵੀ ਦਿੱਤੀ ਸੀ।
NIA ਨੇ ਕਿਹਾ, "ਵੱਖ-ਵੱਖ ਜਲੂਸਾਂ ਅਤੇ ਅੰਦੋਲਨਾਂ ਦੌਰਾਨ, ਬਿਕਰਮਜੀਤ ਸਿੰਘ ਨੇ ਬੰਬ ਰੱਖੇ ਅਤੇ ਹੋਰ ਭਾਗੀਦਾਰਾਂ ਨੂੰ ਵੱਡੀ ਪੱਧਰ 'ਤੇ ਆਬਾਦੀ ਵਿੱਚ ਦਹਿਸ਼ਤ ਫੈਲਾਉਣ ਲਈ ਸਰਕਾਰੀ ਏਜੰਸੀਆਂ 'ਤੇ ਹਮਲਾ ਕਰਨ ਲਈ ਉਕਸਾਇਆ।" ਅੱਤਵਾਦ ਰੋਕੂ ਏਜੰਸੀ ਨੇ ਅੱਗੇ ਕਿਹਾ ਕਿ ਡੇਰਾ ਮੁਰਾਦਪੁਰਾ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਵਿੱਚ ਬਿਕਰਮਜੀਤ ਸਿੰਘ ਮੁੱਖ ਸਾਜ਼ਿਸ਼ਕਰਤਾ ਸੀ।