Punjab News: ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਪਾਉਣ ਮਗਰੋਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਉੱਪਰ ਤਿੱਖੇ ਹਮਲੇ ਬੋਲੇ ਹਨ। ਜਿੱਥੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਬੀ ਟੀਮ ਕਿਹਾ ਹੈ, ਉੱਥੇ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਦੇ ਅਮਨ ਕਾਨੂੰਨ ਤੇ ਸੁਰੱਖਿਆ ਨੂੰ ਦੇਖ ਕੇ ਉਪਰੋਕਤ ਦੋਹਾਂ ਰਾਜਾਂ ਨੇ ਆਮ ਆਦਮੀ ਪਾਰਟੀ ਨੂੰ ਨਾਕਾਰ ਦਿੱਤਾ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਵਿੱਚ ਜਨਤਾ ਨੇ ਕੇਜਰੀਵਾਲ ਤੇ ਆਪ ਦੀ ਝੂਠੀ ਸਿਆਸਤ ਨੂੰ ਮੂਲੋਂ ਨਾਕਾਰ ਦਿੱਤਾ ਹੈ। ਕੇਜਰੀਵਾਲ ਦੇ ਸਿਆਸੀ ਹਿਤਾਂ ਲਈ ਪੰਜਾਬ ਦੇ ਅਮਨ ਕਾਨੂੰਨ, ਸੁਰੱਖਿਆ ਤੇ ਪੈਸੇ ਦੀ ਕੁਰਬਾਨੀ ਦੇਣ ਵਾਲੇ ਭਗਵੰਤ ਮਾਨ ਦੇ ਪੰਜਾਬ ਵਿਚਲੇ ਬਦਲਾਅ ਨੂੰ ਦੇਖ ਕੇ ਹੀ ਉਪਰੋਕਤ ਦੋਹਾਂ ਰਾਜਾਂ ਨੇ ਆਪ ਨੂੰ ਧੂਲ ਚਟਾਈ ਹੈ।



ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗੁਜਰਾਤ ਵਿੱਚ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਨੇ ‘ਫਿਕਸ ਮੈਚ’ ਖੇਡਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ‘ਆਪ’ ਗੁਜਰਾਤ ਵਿੱਚ ਭਾਜਪਾ ਦੀ ਮਦਦ ਕਰ ਰਹੀ ਸੀ ਤੇ ਹੁਣ ਇਹ ਗੱਲ ਸਾਹਮਣੇ ਆ ਗਈ ਹੈ।


ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ ‘ਆਪ’ ਦਾ ਕੋਈ ਆਧਾਰ ਨਹੀਂ ਹੈ ਤੇ ਕਾਂਗਰਸ ਨੇ ਆਸਾਨੀ ਨਾਲ ਭਾਜਪਾ ਨੂੰ ਖੁੱਡੇ ਲਾਈਨ ਲਾ ਦਿੱਤਾ ਹੈ। ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੂਰੇ ਦੇਸ਼ ਤੇ ਖਾਸ ਕਰਕੇ ਗੁਆਂਢੀ ਸੂਬੇ ਪੰਜਾਬ ਦੇ ਵਰਕਰਾਂ ਵਿੱਚ ਉਤਸ਼ਾਹਜਨਕ ਹੈ। ਉਨ੍ਹਾਂ ਕਿਹਾ ਕਿ ਉਂਜ ਇਨ੍ਹਾਂ ਨਤੀਜਿਆਂ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ‘ਆਪ’ ਦਾ ਗੁਬਾਰਾ ਫਟ ਗਿਆ ਹੈ।



ਉਧਰ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ‘ਦਿੱਲੀ ਤੇ ਪੰਜਾਬ ਦੇ ਸ਼ਾਸਨ ਦੇ ਮਾਡਲਾਂ’ ਨੂੰ ਵੇਚਣ ਵਿੱਚ ਅਸਫ਼ਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਲਈ ਸਮਾਂ ਆ ਗਿਆ ਹੈ ਕਿ ਉਹ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਊਰਜਾ ਤੇ ਹੁਨਰ ਕੇਂਦਰਿਤ ਕਰਨ।


ਇਹ ਵੀ ਪੜ੍ਹੋ: Anti Corruption Day: ਸੀਐਮ ਭਗਵੰਤ ਮਾਨ ਵੱਲੋਂ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਨੂੰ ਜੜ੍ਹੋਂ ਪੁੱਟਣ ਦਾ ਸੱਦਾ, ਬੋਲੇ- ਆਓ ਪ੍ਰਣ ਕਰੀਏ


ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪੱਛਮੀ ਰਾਜ ਤੇ ਪਹਾੜੀ ਰਾਜ ਦੇ ਵੋਟਰਾਂ ਨੂੰ ਦਿੱਲੀ ਤੇ ਪੰਜਾਬ ਮਾਡਲਾਂ ਨੂੰ ਵੇਚਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ‘ਆਪ’ ਆਗੂਆਂ ਦੁਆਰਾ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਗੁਮਰਾਹ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ‘‘ਗੁਜਰਾਤ ਤੇ ਹਿਮਾਚਲ ਵਾਸੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਮੁਫ਼ਤ ਦਾ ਐਲਾਨ ਕਰਨਾ ਤੇ ਵੋਟਰਾਂ ਨੂੰ ਮੁਫ਼ਤ ਸੇਵਾਵਾਂ ਦਾ ਵਾਅਦਾ ਕਰਨਾ ਹਮੇਸ਼ਾ ਮਦਦ ਨਹੀਂ ਕਰਦਾ। ’’