Amritsar News: ਅੰਮ੍ਰਿਤਸਰ ਦੇ ਜੀਟੀ ਰੋਡ 'ਤੇ ਸਥਿਤ ਖੰਡਵਾਲਾ ਨਜਦੀਕ ਅੱਜ ਦੇਰ ਸ਼ਾਮ ਇਕ ਫਰਨੀਚਰ ਦੇ ਸ਼ੋਅਰੂਮ ਨੂੰ ਲੱਗੀ ਅੱਗ ਕਾਰਨ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਜੱਦੋਜਹਿਦ ਦੇ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਦੋੰ ਤਕ ਸਭ ਕੁਝ ਸੜਕੇ ਸੁਆਹ ਹੋ ਚੁੱਕਾ ਸੀ।



ਪੁਲਿਸ ਮੁਤਾਬਕ ਘਟਨਾ 'ਚ ਤਿੰਨ ਵਿਅਕਤੀ ਜਖਮੀ ਹੋਏ ਹਨ ਪਰ ਸਾਰਿਆਂ ਦੀ ਹਾਲਤ ਖਤਰੇ ਤੋੰ ਬਾਹਰ ਹੈ। ਸਥਾਨਕ ਲੋਕਾਂ ਮੁਤਾਬਕ ਜੇਅੇੈਸ ਸ਼ੋਅਰੂਮ (ਨਾਮਧਾਰੀਆਂ ਦਾ ਸ਼ੋਅਰੂਮ) 'ਚ ਦੇਰ ਸ਼ਾਮ ਕਰੀਬ ਸੱਤ ਵਜੇ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗੀ, ਜੋ ਅੰਦਰ ਪਏ ਸੋਫਿਆਂ ਤੇ ਲੱਕੜ ਦੇ ਸਾਮਾਨ ਤੇ ਹੋਰ ਜਲਨਸ਼ੀਲ ਪਦਾਰਥਾਂ ਨੂੰ ਜਾ ਲੱਗੀ ਤੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਣ ਕਰ ਲਿਆ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਤੇ ਆਸਪਾਸ ਦੇ ਲੋਕਾਂ ਨੇ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਨਾਲ ਸ਼ੋਅਰੂਮ ਤੇ ਲੱਗੇ ਕੱਚ ਦੇ ਦਰਵਾਜੇ ਫਟਣ ਕਾਰਨ ਦੋ ਵਿਅਕਤੀ ਜਖਮੀ ਹੋਏ ਜਦ ਇਕ ਦੇ ਹੱਥਾਂ ਨੂੰ ਅੱਗ ਲੱਗੀ ਹੈ।

ਦੁਕਾਨਦਾਰ ਦੇ ਕਰੀਬੀਆਂ ਨੇ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਦੇਰੀ ਨਾਲ ਪੁੱਜੀ ਤੇ ਜਦ ਤਕ ਪੁੱਜੀ ਉਦੋ ਤਕ ਸਾਰਾ ਸਾਮਾਨ ਸੜ ਚੁੱਕਾ ਸੀ। ਮੌਕੇ 'ਤੇ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਅੇੈਸਡੀਅੇੈਮ ਹਰਪ੍ਰੀਤ ਸਿੰਘ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਪੁੱਜੇ। ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਛੇਹਰਟਾ ਥਾਣੇ ਦੇ ਅੇੈਸਅੇੈਚਓ ਗੁਰਵਿੰਦਰ ਸਿੰਘ ਮੁਤਾਬਕ ਘਟਨਾ ਸੱਤ ਵਜੇ ਦੇ ਕਰੀਬ ਵਾਪਰੀ। ਕਮਿਸ਼ਨਰ ਰਿਸ਼ੀ ਤੇ ਅੇੈਸਡੀਅੇੈਮ ਨੇ ਕਿਹਾ ਕਿ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਤੇ ਹੁਣ ਹੋਏ ਨੁਕਸਾਨ ਦਾ ਜਾਇਜਾ ਲਿਆ ਜਾਵੇਗਾ ਤੇ ਸਰਕਾਰ ਦੀ ਪਾਲਿਸੀ ਮੁਤਾਬਕ ਪੀੜਤਾਂ ਨੂੰ ਮੁਆਵਜਾ ਦਿੱਤਾ ਜਾਵੇਗਾ। ਸ਼ੋਅਰੂਮ ਦੇ ਨਾਲ ਆਪ ਦੇ ਸਥਾਨਕ ਵਿਧਾਇਕ ਜਸਬੀਰ ਸਿੰਘ ਦੇ ਦਫਤਰ ਨੂੰ ਵੀ ਅੱਗ ਨਾਲ ਕੁਝ ਮਾਮੂਲੀ ਨੁਕਸਾਨ ਪੁੱਜਾ ਹੈ।