ਲੁਧਿਆਣਾ ਦੇ ਚਾਹ ਵਾਲੇ ਦੀ ਧੀ ਨੇ ਬਣਾਇਆ ਰਿਕਾਰਡ
ਏਬੀਪੀ ਸਾਂਝਾ | 10 May 2018 01:46 PM (IST)
ਲੁਧਿਆਣਾ: ਲੁਧਿਆਣਾ ਸ਼ਹਿਰ ਵਿੱਚ ਚਾਹ ਬਣਾਉਣ ਵਾਲੇ ਜਸਵੀਰ ਸਿੰਘ ਦੀ ਧੀ ਅਮਨਪ੍ਰੀਤ ਕੌਰ ਨੇ ਦਸਵੀਂ ਦੀ ਪ੍ਰੀਖਿਆ ਵਿੱਚ 97.38 ਫ਼ੀਸਦੀ ਅੰਕ ਲੈ ਕੇ ਸਪੋਰਟਸ ਕੈਟੇਗਰੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਅਮਨਪ੍ਰੀਤ ਨੇ 650 ਵਿੱਚੋਂ 633 ਅੰਕ ਹਾਸਲ ਕੀਤੇ। ਉਹ 6ਵੀਂ ਜਮਾਤ ਲਈ ਬੇਸਬਾਲ ਖੇਡ ਰਹੀ ਹੈ। ਉਸ ਨੂੰ ਹਮੇਸ਼ਾ ਤੋਂ ਵਿਗਿਆਨ ਪੜ੍ਹਨ ਦਾ ਸ਼ੌਕ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਅੱਗੇ ਹੁਣ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ। ਅਮਨਪ੍ਰੀਤ ਦੇ ਪਿਤਾ ਦੀ ਮਹੀਨਾਵਾਰ ਆਮਦਨ 10 ਤੋਂ 12 ਹਜ਼ਾਰ ਰੁਪਏ ਹੈ। ਉਨ੍ਹਾਂ ਦੱਸਿਆ ਕਿ ਉਹ ਵਾ 10ਵੀਂ ਪਾਸ ਹਨ ਪਰ ਘਰ ਦੇ ਮਾੜੇ ਹਾਲਾਤ ਕਰਕੇ ਉਨ੍ਹਾਂ ਨੂੰ ਅੱਗੇ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਚਾਹ ਦੀ ਦੁਕਾਨ ਚਲਾਉਣਾ ਕੋਈ ਕਾਮਯਾਬੀ ਨਹੀਂ ਪਰ ਧੀ ਦੀ ਸਫ਼ਲਤਾ ਦੀ ਵਜ੍ਹਾ ਕਰਕੇ ਉਹ ਜ਼ਿੰਦਗੀ ਵਿੱਚ ਇੱਕ ਜੇਤੂ ਵਰਗਾ ਮਹਿਸੂਸ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਨੇ ਕਿਹਾ ਕਿ ਧੀ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਜਿਸ ਕਰਕੇ ਉਨ੍ਹਾਂ ਦੀ ਚਿੰਤਾ ਹੋਰ ਵਧ ਗਈ ਹੈ। ਉਨ੍ਹਾਂ ਕੋਲ ਧੀ ਦੀ ਪੜ੍ਹਾਈ ਲਈ ਇੰਨੇ ਸਾਧਨ ਨਹੀਂ ਪਰ ਉਹ ਆਪਣੀ ਧੀ ਦਾ ਸੁਫਨਾ ਨਹੀਂ ਤੋੜਨਾ ਚਾਹੁੰਦੇ, ਇਸ ਲਈ ਉਨ੍ਹਾਂ ਨੇ ਉਸ ਦੀ ਫੀਸ ਦੇਣ ਲਈ 10 ਹਜ਼ਾਰ ਰੁਪਏ ਦੀ ਕਰਜ਼ਾ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਧੀ ਦੀ ਅਗਲੇਰੀ ਪੜ੍ਹਾਈ ਲਈ ਜੋ ਵੀ ਸਰਦਾ ਬਣੇਗਾ, ਉਹ ਸਭ ਕਰਨਗੇ। ਜਸਵੀਰ ਸਿੰਘ ਨੇ ਸਕੂਲ ਤੇ ਸਰਕਾਰ ਨੂੰ ਅਮਨਪ੍ਰੀਤ ਕੌਰ ਦੀ ਅਗਲੀ ਪੜ੍ਹਾਈ ਲਈ ਮਦਦ ਕਰਨ ਦੀ ਮੰਗ ਕੀਤੀ ਹੈ।